ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿੱਚ ਧਰਨੇ ਤੋਂ ਬਾਅਦ ਜ਼ਿਲ੍ਹਾ ਰੂਪਨਗਰ ਦੇ ਸਮੂਹ ਐਨਪੀਐਸ ਮੁਲਾਜ਼ਮਾਂ, ਪੁਰਾਣੀ ਪੈਨਸ਼ਨ ਦਾ ਲਾਭ ਲੈਣ ਵਾਲੇ ਮੁਲਾਜ਼ਮਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਉਪਰੰਤ ਮੰਗ ਪੱਤਰ ਸੌਂਪਿਆ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਗੁਰਿੰਦਰਪਾਲ ਸਿੰਘ ਖੇੜੀ, ਸੂਬਾ ਆਗੂ ਗੁਰਵਿੰਦਰ ਸਿੰਘ ਸ਼ੰਸਕੌਰ, ਹਰਪ੍ਰੀਤ ਸਿੰਘ ਸੰਧੂ, ਗਗਨ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਵੱਲੋਂ ਦੇਸ਼ ਪੱਧਰ ’ਤੇ ਦਿੱਤੇ ਪ੍ਰੋਗਰਾਮ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐੱਫ ਯੂਨੀਅਨ ਪੰਜਾਬ ਦੋਵੇਂ ਜਥੇਬੰਦੀਆਂ ਨੇ ਮਿਲ ਕੇ ਜ਼ਿਲ੍ਹਾ ਪੱਧਰੀ ਰੋਸ ਮਾਰਚ ਕੀਤਾ ਹੈ। ਨੈਸ਼ਨਲ ਮੂਵਮੈਂਟ ਫਾਰ ਓਲਡ ਪੈਂਨਸ਼ਨ ਦੇ ਦਿੱਤੇ ਪ੍ਰੋਗਰਾਮ ਦੀ ਲੜੀ ਤਹਿਤ ਅੱਜ ਦੇਸ਼ ਦੇ ਹਰ ਜ਼ਿਲ੍ਹਾ ਹੈੱਡ ਕੁਆਰਟਰ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐੱਨਪੀਐੱਸ ਅਤੇ ਯੂਪੀਐੱਸ ਦੀ ਵਿਰੋਧਤਾ ਅਤੇ ਨਿੱਜੀਕਰਨ ਖ਼ਿਲਾਫ਼ ਇੱਕ ਰੋਜ਼ਾ ਮਾਰਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਨੂੰ ਅੱਗੇ ਤੋਰਦਿਆਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦੇਸ਼ ਦੇ ਹਰ ਜ਼ਿਲ੍ਹਾ ਹੈਡ ਕੁਆਰਟਰ ’ਤੇ ਇੱਕ ਦਿਨਾਂ ਭੁੱਖ ਹੜਤਾਲ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਰੱਖੀ ਜਾਵੇਗੀ ਅਤੇ 1 ਅਕਤੂਬਰ ਨੂੰ ਸੋਸ਼ਲ ਮੀਡੀਆ ’ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਹਿੰਮ ਚਲਾਈ ਜਾਵੇਗੀ। 25 ਨਵੰਬਰ ਨੂੰ ਦਿੱਲੀ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐੱਨਪੀਐੱਸ ਅਤੇ ਯੂਪੀਐੱਸ ਵਿਰੋਧਤਾ ਅਤੇ ਨਿੱਜੀਕਰਨ ਦੇ ਵਿਰੁੱਧ ਕੌਮੀ ਪਧਰੀ ਰੈਲੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੋਟੀਫਿਕੇਸ਼ਨ ਕਰ ਪੁਰਾਣੀ ਪੈਨਸ਼ਨ ਬਹਾਲੀ ਤੋਂ ਭੱਜ ਰਹੀ ਹੈ ਉਥੇ ਹੀ ਕੇਂਦਰ ਸਰਕਾਰ ਤੇ ਛੱਤੀਸਗੜ੍ਹ ਦੀ ਬੀਜੇਪੀ ਸਰਕਾਰ ਨੇ ਰਾਜ ਵਿੱਚ ਮੁੜ ਰਾਜ ਵਿੱਚ ਯੂਪੀਐਸ ਲਾਗੂ ਕਰ ਐਨਪੀਐਸ ਕਰਮਚਾਰੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਹੈ। ਇਸ ਮੌਕੇ ਐੱਨਪੀਐੱਸ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਖੇਤਰੀ ਅਧਿਕਾਰੀ ਆਈਏਐੱਸ ਅਭਿਮਨੀਓ ਮਲਿਕ ਨੂੰ ਮੰਗ ਪੱਤਰ ਦਿੱਤਾ।ਇਸ ਮੌਕੇ ਸੁਨੀਲ ਸੈਣੀ ਕੀਰਤਪੁਰ ਸਾਹਿਬ, ਸੁਖਦੇਵ ਸਿੰਘ ਸੁਰਤਾਪੁਰੀ, ਰਾਏ ਸਿੰਘ, ਬਲਵਿੰਦਰ ਸਿੰਘ ਰੈਲੋ, ਨਿਰਮਲ ਕੁਮਾਰ, ਜਸਵਿੰਦਰਪਾਲ ਸਿੰਘ, ਗਗਨਦੀਪ ਰਾਣਾ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਬਲਵਿੰਦਰ ਸਿੰਘ ਲੋਧੀਪੁਰ, ਦਵਿੰਦਰ ਪਾਲ ਸਿੰਘ ਬੇਦੀ, ਇਕਬਾਲ ਸਿੰਘ, ਜਸਵਿੰਦਰ ਸਿੰਘ ਬਲਾਕ ਮੋਰਿੰਡਾ, ਪ੍ਰੇਮ ਸਿੰਘ ਸੂਬਾ ਪ੍ਰੈੱਸ ਸਕੱਤਰ ਪੁਰਾਣੀ ਪੈਨਸ਼ਨ ਬਹਾਲੀ ਸੰਗਰਸ਼ ਕਮੇਟੀ, ਰਣਜੀਤ ਸਿੰਘ ਬਲਾਕ ਆਨੰਦਪੁਰ ਸਾਹਿਬ, ਸੋਮ ਸਿੰਘ, ਰਾਮ ਲੁਭਾਇਆ, ਹਰਭਜਨ ਸਿੰਘ, ਸੁਖਜਿੰਦਰ ਸਿੰਘ, ਹਰਪ੍ਰੀਤ ਸਿੰਘ, ਯੋਗੇਸ਼ ਕੁਮਾਰ, ਉਮਰਾਓ ਸਿੰਘ ਰੋਪੜ, ਤਨਵੀਰ ਸਿੰਘ, ਦਵਿੰਦਰ ਸਿੰਘ, ਨਰਿੰਦਰ ਸੈਣੀ, ਮਨਜੀਤ ਸਿੰਘ ਅਤੇ ਗੁਰਪ੍ਰੀਤ ਗਿੱਲ ਹਾਜ਼ਰ ਸਨ।