ਠਾਕੁਰ ਦੁਆਰੇ ਦੇ ਜ਼ਮੀਨੀ ਵਿਵਾਦ ਸਬੰਧੀ ਪਿੰਡ ਵਾਸੀਆਂ ਵੱਲੋਂ ਪ੍ਰਦਰਸ਼ਨ
ਸਰਬਜੀਤ ਸਿੰਘ ਭੱਟੀ
ਲਾਲੜੂ, 14 ਜੁਲਾਈ
ਲਾਲੜੂ ਪਿੰਡ ਵਿੱਚ ਠਾਕੁਰ ਦੁਆਰੇ ਦੇ ਨਿਰਮਾਣ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਕਥਿਤ ਤੌਰ ’ਤੇ ਚੱਲ ਰਹੇ ਵਿਵਾਦ ਕਾਰਨ ਬੀਤੀ ਦੇਰ ਸ਼ਾਮ ਲਾਲੜੂ ਪਿੰਡ ਵਾਸੀਆਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੋਂਦ ਵਿੱਚ ਆਏ ਲਾਲੜੂ ਪਿੰਡ ਅੰਦਰ ਪਟਵਾਰਖਾਨੇ ਕੋਲ ਬਣੇ ਪੁਰਾਣੇ ਠਾਕੁਰ ਦੁਆਰੇ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠਾਕੁਰ ਦੁਆਰੇ ਦੀ ਜ਼ਮੀਨ ’ਤੇ ਕਿਸੇ ਵੀ ਵਿਅਕਤੀ ਨੂੰ ਕਬਜ਼ਾ ਨਾ ਕਰਨ ਦਿੱਤਾ ਜਾਵੇ ਅਤੇ ਇਸ ਜ਼ਮੀਨ ਨੂੰ ਧਾਰਮਿਕ ਅਤੇ ਸਮਾਜਿਕ ਕੰਮਾਂ ਲਈ ਰਾਖਵਾਂ ਰੱਖਿਆ ਜਾਵੇ।
ਇਸ ਮੌਕੇ ਠਾਕੁਰ ਦੁਆਰਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਰਾਣਾ ਅਤੇ ਰਾਮਪਾਲ ਰਾਣਾ, ਐਡਵੋਕੇਟ ਰਾਹੁਲ ਰਾਣਾ, ਪ੍ਰੇਮ ਸਿੰਘ ਰਾਣਾ, ਨੰਬਰਦਾਰ ਰਾਮ ਸਿੰਘ, ਕੌਂਸਲਰ ਸਸੀਲ ਮਗਰਾ, ਸੁਖਪਾਲ ਸਿੰਘ ਮਗਰਾ, ਸਾਬਕਾ ਚੇਅਰਮੈਨ ਓਮਵੀਰ ਸਿੰਘ ਰਾਣਾ ਸਣੇ ਹੋਰਾਂ ਨੇ ਕਿਹਾ ਕਿ ਇਹ ਠਾਕਰ ਦੁਆਰਾ ਪਿਛਲੇ ਕਈ ਦਹਾਕਿਆਂ ਤੋਂ ਲਾਲੜੂ ਪਿੰਡ ਦੇ ਲੋਕਾਂ ਦੀ ਸ਼ਰਧਾ ਦਾ ਕੇਂਦਰ ਹੈ ਪਰ ਠਾਕਰ ਦੁਆਰੇ ਦੀ ਬਹੁ-ਕੀਮਤੀ ਜ਼ਮੀਨ ਨੂੰ ਖੁਰਦ-ਬੁਰਦ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕੁਝ ਵਿਅਕਤੀਆਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀ-ਭੁਗਤ ਨਾਲ ਠਾਕੁਰ ਦੁਆਰੇ ਦੀ ਜ਼ਮੀਨ ਦੀ ਗਿਰਦਵਾਰੀ ਆਪਣੇ ਨਾਮ ਕਰਵਾ ਲਈ ਹੈ, ਜਿਸ ਬਾਰੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠਾਕੁਰ ਦੁਆਰੇ ਨੂੰ ਲੋਕਾਂ ਦੀ ਆਸਥਾ ਲਈ ਖੋਲ੍ਹਿਆ ਜਾਵੇ ਅਤੇ ਜੋ ਜ਼ਮੀਨ ਕਈ ਦਹਾਕੇ ਪਹਿਲਾਂ ਪਿੰਡ ਦੇ ਖੇਵਟਦਾਰਾਂ ਨੇ ਆਪਣੀ ਜੱਦੀ ਜ਼ਮੀਨਾਂ ਵਿੱਚੋਂ ਦਾਨ ਦਿੱਤੀ ਸੀ, ਉਸ ਨੂੰ ਠਾਕੁਰ ਦੁਆਰੇ ਦੀ ਸਾਂਭ-ਸੰਭਾਲ ਅਤੇ ਹੋਰ ਸਮਾਜਿਕ ਤੇ ਧਾਰਮਿਕ ਕੰਮਾਂ ਲਈ ਵੀ ਵਰਤਿਆ ਜਾਵੇ। ਪਿੰਡ ਵਾਸੀਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਇਸ ਲਈ ਕਾਨੂੰਨੀ ਜਾਂ ਸਿਆਸੀ ਲੜਾਈ ਲੜਨੀ ਪਵੇ ਪਰ ਜ਼ਮੀਨ ਨੂੰ ਕਿਸੇ ਕੀਮਤ ’ਤੇ ਖੁਰਦ-ਬੁਰਦ ਨਹੀਂ ਹੋਣ ਦਿੱਤਾ ਜਾਵੇਗਾ।
ਠਾਕੁਰ ਦੁਆਰੇ ਵਿੱਚ ਰਹਿਣ ਵਾਲੇ ਤੇ ਖ਼ੁਦ ਨੂੰ ਮਹੰਤ ਦੱਸਣ ਵਾਲੇ ਸੁਖਬੀਰ ਦਾਸ ਨੇ ਕਿਹਾ ਕਿ ਕੁਝ ਵਿਅਕਤੀਆਂ ਨੇ ਸਥਾਨਕ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਪ੍ਰਸ਼ਾਸਨ ਦੀ ਸ਼ਹਿ ’ਤੇ ਬੀਤੀ ਦੇਰ ਸ਼ਾਮ ਉਨ੍ਹਾਂ ਦੇ ਬਿਰਧ ਮਾਤਾ-ਪਿਤਾ ਨੂੰ ਡਰਾਉਣ ਲਈ ਘਰ ਦੇ ਗੇਟ ਅੱਗੇ ਧਰਨਾ ਪ੍ਰਦਰਸ਼ਨ ਕੀਤਾ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਉਨ੍ਹਾਂ ਦੇ ਘਰ ਅੱਗੇ ਜਾਂ ਠਾਕੁਰ ਦੁਆਰੇ ਦੀ ਜ਼ਮੀਨ ’ਤੇ ਪੈਰ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲੀਸ ਤੇ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਹੇ ਹਨ, ਜਦਕਿ ਹਾਲਾਤ ਚਿੰਤਾਜਨਕ ਬਣ ਗਏ ਹਨ।