ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਮੁਜ਼ਾਹਰਾ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝਾ ਮੋਰਚੇ ਦੇ ਸੱਦੇ ’ਤੇ ਅੱਜ ਬਨੂੜ ਖੇਤਰ ਦੀਆਂ ਜਥੇਬੰਦੀਆਂ ਨੇ ਸਬ ਤਹਿਸੀਲ ਬਨੂੜ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਉਨ੍ਹਾਂ ਆਪਣੀਆਂ ਮੰਗਾਂ ਮਨਵਾਉਣ ਲਈ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਹੜ੍ਹ ਪੀੜਤਾਂ ਦੇ ਨੁਕਸਾਨ ਅਤੇ ਮੁੜ ਵਸੇਬੇ ਲਈ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਲਈ ਵੱਖ-ਵੱਖ ਮੰਗ ਪੱਤਰ ਨਾਇਬ ਤਹਿਸੀਲਦਾਰ ਅੰਮ੍ਰਿਤਾ ਅਗਰਵਾਲ ਨੂੰ ਸੌਂਪੇ। ਮੋਰਚੇ ਦੇ ਆਗੂਆਂ ਸਤਪਾਲ ਸਿੰਘ ਰਾਜੋਮਾਜਰਾ, ਜਗੀਰ ਸਿੰਘ ਹੰਸਾਲਾ, ਮੋਹਨ ਸਿੰਘ ਸੋਢੀ, ਡਾ ਨਿਸ਼ੀ ਕਾਂਤ, ਪਿਆਰਾ ਸਿੰਘ ਪੰਛੀ, ਹਰਦੀਪ ਸਿੰਘ ਬੂਟਾ ਸਿੰਘ ਵਾਲਾ, ਅਮਰ ਸਿੰਘ ਬਨੂੜ, ਦੀਦਾਰ ਸਿੰਘ ਖਾਨਪੁਰ, ਹਰਮੇਸ਼ ਸਿੰਘ, ਕਰਨੈਲ ਸਿੰਘ ਮਨੌਲੀ ਸੂਰਤ ਆਦਿ ਨੇ ਦੱਸਿਆ ਕਿ ਪੰਜਾਬ ਵਿਚ ਹੜ੍ਹਾਂ ਨਾਲ ਦਰਜਨਾਂ ਲੋਕਾਂ ਦੀ ਮੌਤਾਂ ਤੋਂ ਇਲਾਵਾ ਮਕਾਨਾਂ, ਦੁਕਾਨਾਂ, ਪਸ਼ੂਆਂ, ਫਸਲਾ ਸਣੇ ਜ਼ਮੀਨਾਂ ਦੀ ਵਿਆਪਕ ਤਬਾਹੀ ਹੋਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰਾ ਨੇ ਅਗਾਂਹੂ ਬਰਸਾਤ ਦੀ ਹੋਈ ਪੇਸ਼ੀਨਗੋਈਆਂ ਦੇ ਬਾਵਜੂਦ ਹੜ੍ਹ ਰੋਕੂ ਪੁਖਤਾ ਪ੍ਰਬੰਧ ਕਰਨ ਵਿੱਚ ਵੱਡੀ ਅਣਗਹਿਲੀ ਕੀਤੀ ਗਈ ਹੈ। ਉਨ੍ਹਾਂ ਅਣਗਹਿਲੀ ਕਾਰਨ ਵਾਲੇ ਅਧਿਕਾਰੀਆਂ ਦੀ ਸਨਾਖ਼ਤ ਕਰਕੇ ਕਾਰਵਾਈ ਕਰਨ, ਪੰਜਾਬ ਦੇ ਹੜ੍ਹਾਂ ਨੂੰ ਕੌਮੀ ਆਫਤ ਐਲਾਨਣ, ਮਰਨ ਵਾਲੀਆਂ ਲਈ 25 ਲੱਖ, ਮਜ਼ਦੂਰਾਂ ਦੇ ਘਰਾਂ ਲਈ 15 ਲੱਖ, ਬਾਲਿਆ ਵਾਲੀ ਛੱਤ ਦੇ 5 ਲੱਖ, ਮਜ਼ਦੂਰਾਂ ਪਰਿਵਾਰਾਂ ਲਈ ਖਾਣ-ਪੀਣ ਲਈ 50 ਹਜ਼ਾਰ ਦਾ ਮੁਅਵਜ਼ਾ, ਕਰਜ਼ੇ ’ਤੇ ਲਕੀਰ ਮਾਰਨ, ਮਨਰੇਗਾ ਦੀ ਦਿਹਾੜੀ 700 ਰੁਪਏ ਕਰਨ ਆਦਿ ਮੰਗਾਂ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਜਸਪਾਲ ਸਿੰਘ, ਸੁਖਵੀਰ ਸਿੰਘ, ਗੁਰਦੀਪ ਸਿੰਘ, ਰਾਮ ਸਿੰਘ, ਸੁੱਚਾ ਸਿੰਘ, ਪਾਲ ਰਾਮ ਆਦਿ ਵੀ ਹਾਜ਼ਰ ਸਨ।