ਪੀਜੀਆਈ ਨਰਸਿਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪ੍ਰਦਰਸ਼ਨ
ਐਸੋਸੀਏਸ਼ਨ ਦੀ ਪ੍ਰਧਾਨ ਮੰਜਨੀਕ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਵਰਗੇ ਭਿਆਨਕ ਦੌਰ ਵਿੱਚ ਜਿਹੜੇ ਨਰਸਿੰਗ ਸਟਾਫ਼ ਨੇ ਮਰੀਜ਼ਾਂ ਨੂੰ ਸੰਭਾਲਣ ਦੀ ਕਮਾਂਡ ਸੰਭਾਲੀ ਸੀ, ਅੱਜ ਪੀਜੀਆਈ ਪ੍ਰਸ਼ਾਸਨ ਆਪਣੇ ਉਸੇ ਸਟਾਫ਼ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਮੰਨਣ ਤੋਂ ਪਾਸਾ ਵੱਟੀ ਹੈ ਅਤੇ ਬਿਨਾਂ ਮਤਲਬ ਮੰਗਾਂ ਨੂੰ ਲਮਕਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਟਾਫ਼ ਦੀਆਂ ਮੰਗਾਂ ਵਿੱਚ ਨਰਸਿੰਗ ਅਫਸਰਾਂ ਨੂੰ ਸੀਨੀਅਰ ਨਰਸਿੰਗ ਅਫਸਰਾਂ ਵਜੋਂ ਤੁਰੰਤ ਤਰੱਕੀ ਦਿਵਾਉਣਾ, ਸੀਨੀਅਰ ਨਰਸਿੰਗ ਅਫ਼ਸਰ ਤੋਂ ਏਐੱਨਐੱਸ ਦੀਆਂ ਖਾਲੀ ਅਸਾਮੀਆਂ ਲਈ ਡੀਪੀਸੀ ਕਰਵਾਉਣਾ, ਦੇਰੀ ਨਾਲ ਤਰੱਕੀਆਂ ਦੇ ਮੱਦੇਨਜ਼ਰ ਰਾਤ ਦੀ ਡਿਊਟੀ ਵਿੱਚ ਛੋਟ ਲਈ ਉਮਰ ਨੀਤੀ ਤਿਆਰ ਕਰਨਾ, ਯੋਗ ਨਰਸਿੰਗ ਅਫਸਰਾਂ ਨੂੰ ਬਕਾਇਆ ਐੱਮਏਸੀਪੀ ਦੀ ਪ੍ਰਵਾਨਗੀ ਦੇਣਾ, ਮੁੱਖ ਨਰਸਿੰਗ ਅਫ਼ਸਰ ਦੀ ਨਿਯਮਿਤ ਨਿਯੁਕਤੀ ਕਰਨਾ, ਸਟਾਫ਼ ਨੂੰ ਗੈਰ-ਨਰਸਿੰਗ ਡਿਊਟੀਆਂ ਤੋਂ ਰਾਹਤ ਦਿਵਾਉਣਾ, ਸੱਤਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਅਨੁਸਾਰ ਯੋਗਤਾ ਤਨਖਾਹ ਦਰਾਂ ਵਿੱਚ ਸੋਧ ਕੀਤੀ ਜਾਵੇ, ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਬਿਹਤਰ ਬਣਾਉਣ ਲਈ ਨਿਵੇਦਿਤਾ ਹੋਸਟਲ ਦਾ ਨਵੀਨੀਕਰਨ ਅਤੇ ਅਪਗ੍ਰੇਡ ਕਰਨਾ ਸ਼ਾਮਲ ਹਨ।
ਐਸੋਸੀਏਸ਼ਨ ਪ੍ਰਧਾਨ ਮੰਜਨੀਕ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਡਾਇਰੈਕਟਰ ਨਾਲ ਮੀਟਿੰਗ ਵੀ ਹੋਈ ਪਰ ਡਾਇਰੈਕਟਰ ਵੱਲੋਂ ਮੰਗਾਂ ਪ੍ਰਤੀ ਸੁਹਿਰਦਤਾ ਨਾ ਦਿਖਾਉਣ ਕਾਰਨ ਬੇਸਿੱਟਾ ਰਹੀ।