ਇੱਥੋਂ ਦੇ ਸੈਕਟਰ-47 ਵਿਖੇ ਨਾਜਾਇਜ਼ ਢੰਗ ਨਾਲ ਕੂੜਾ ਸੁੱਟਣ ਕਰਕੇ ਇਲਾਕੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਵੱਲੋਂ ਅੱਜ ਯੂਟੀ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਤੋਂ ਇਸ ਕੂੜੇ ਦੇ ਢੇਰ ਨੂੰ ਹਟਾਉਣ ਦੀ ਮੰਗ ਕੀਤੀ ਗਈ। ਇਸ ਸਬੰਧੀ ਸਮਾਜ ਸੇਵੀ ਬਲਵਿੰਦਰ ਸਿੰਘ (ਬੱਲੀ) ਨੇ ਕਿਹਾ ਕਿ ਸੈਕਟਰ-47 ਵਿਚ ਪਹਿਲਾਂ ਜੰਗਲ ਵਜੋਂ ਦਰੱਖਤ ਹੀ ਸਨ, ਪਰ ਪਿਛਲੇ ਕੁਝ ਸਮੇਂ ਤੋਂ ਪ੍ਰਸ਼ਾਸਨ ਵੱਲੋਂ ਲਗਾਤਾਰ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਕਰਕੇ ਦਰੱਖਤ ਵੀ ਮੁਰਝਾ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੁਕਵੇਂ ਢੰਗ ਨਾਲ ਸੈਕਟਰ-47 ਵਿੱਚ ਸ਼ਹਿਰ ਦਾ ਨਵਾਂ ਡੰਪਿੰਗ ਗਰਾਊਂਡ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨਾਲ ਇਲਾਕੇ ਵਿੱਚ ਬਦਬੂ ਅਤੇ ਬਿਮਾਰੀ ਫੈਲਣ ਦਾ ਖਦਸ਼ਾ ਹੈ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਕਰਕੇ ਇਲਾਕੇ ਦੀ ਹਾਲਤ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ, ਜਿਸ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਤੱਕ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੈਕਟਰ-47 ਵਿੱਚ ਕੂੜਾ ਸੁੱਟਣ ਵਾਲੀ ਥਾਂ ਦੇ ਨਜ਼ਦੀਕ ਕੇਂਦਰੀ ਵਿਦਿਆਲਿਆ ਅਤੇ ਗੁਰੂ ਘਰ ਵੀ ਹੈ। ਲੋਕਾਂ ਨੇ ਯੂਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੈਕਟਰ-47 ਵਿਖੇ ਤਿਆਰ ਕੀਤੇ ਜਾ ਰਹੇ ਨਵੇਂ ਡੰਪਿੰਗ ਗਰਾਉਂਡ ਨੂੰ ਜਲਦ ਹਟਾਇਆ ਜਾਵੇਗਾ। ਜੇ ਪ੍ਰਸ਼ਾਸਨ ਨੇ ਕੂੜੇ ਦੇ ਢੇਰ ਨੂੰ ਨਾ ਹਟਾਇਆ ਤਾਂ ਇਲਾਕੇ ਦੇ ਲੋਕਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਰੇਸ਼ ਮਨਚੰਦਾ, ਅਸ਼ਵਨੀ ਕੁਮਾਰ, ਮੱਖਣ ਸਿੰਘ, ਮਨਮੋਹਨ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਗੁਰੀ, ਸਾਗਰ ਤੇ ਹੋਰ ਇਲਾਕਾ ਵਾਸੀ ਮੌਜੂਦ ਸਨ।