ਚੋਣਾਂ ਸਮੇਂ ਕੀਤਾ ਵਾਅਦਾ ਨਾ ਨਿਭਾਉਣ ’ਤੇ ਨੰਬਰਦਾਰਾਂ ’ਚ ਰੋਸ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 14 ਜੁਲਾਈ
ਆਮ ਆਦਮੀ ਪਾਰਟੀ ਵੱਲੋਂ ਚੋਣਾਂ ਸਮੇਂ ਪੰਜਾਬ ਦੇ ਨੰਬਰਦਾਰਾਂ ਦਾ ਮਾਣ ਭੱਤਾ ਦੁੱਗਣਾ ਕਰਨ ਦਾ ਕੀਤਾ ਵਾਅਦਾ ਪੂਰਾ ਨਾ ਕੀਤੇ ਜਾਣ ਨੰਬਰਦਾਰਾਂ ਵਿਚ ਭਾਰੀ ਰੋਸ ਹੈ। ਪੰਜਾਬ ਨੰਬਰਦਾਰ ਯੂਨੀਅਨ ਨੇ ਆਪ ਸੁਪਰੀਮੋ ਅਰਵਿੰਦਰ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣ ਮੈਨੀਫੈਸਟੋ ਵਿਚ ਕੀਤਾ ਗਿਆ ਇਕਰਾਰਨਾਮਾ ਚੇਤੇ ਕਰਾਉਂਦਿਆਂ ਇਸ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਹੈ।
ਯੂਨੀਅਨ ਦੇ ਸੂਬਾਈ ਸਹਾਇਕ ਚੀਫ਼ ਪੈਟਰਨ ਸਤਨਾਮ ਸਿੰਘ ਲਾਂਡਰਾਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੰਬਰਦਾਰਾਂ ਨਾਲ ਪਹਿਲਾਂ ਚੱਲਦੇ 1500 ਰੁਪਏ ਦੇ ਮਾਣ ਭੱਤੇ ਨੂੰ ਵਧਾ ਕੇ ਤਿੰਨ ਹਜ਼ਾਰ ਕਰਨ ਅਤੇ ਜੱਦੀ ਪੁਸ਼ਤੀ ਨੰਬਰਦਾਰੀ ਕਾਇਮ ਰੱਖਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਅਦੇ ਨੂੰ ਤਿੰਨ ਸਾਲ ਲੰਘਣ ਦੇ ਬਾਵਜੂਦ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ।
ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰਾਂ ਦਾ ਮਾਣ ਭੱਤਾ ਪੰਜ ਹਜ਼ਾਰ ਰੁਪਏ ਮਹੀਨਾ ਕੀਤਾ ਜਾਵੇ। ਹਰਿਆਣਾ ਦੀ ਤਰਜ ਉੱਤੇ ਨੰਬਰਦਾਰਾਂ ਨੂੰ ਮੁਫ਼ਤ ਮੈਡੀਕਲ ਅਤੇ ਬੀਮਾ ਸਹੂਲਤ ਮੁਹੱਈਆ ਕਰਵਾਈ ਜਾਵੇ ਅਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬ ਭਰ ਦੇ ਨੰਬਰਦਾਰ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ।