ਨਗਰ ਕੀਰਤਨ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਨਾ ਹੋਣ ’ਤੇ ਸੰਗਤਾਂ ਵਿੱਚ ਰੋਸ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਫਰੀਦਕੋਟ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸਜਾਏ ਗਏ ਨਗਰ ਕੀਰਤਨ ਦੇ ਚਮਕੌਰ ਸਾਹਿਬ ਵਿਖੇ ਪਹੁੰਚਣ ਉਪਰੰਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਨਾ ਹੋਣ...
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਫਰੀਦਕੋਟ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸਜਾਏ ਗਏ ਨਗਰ ਕੀਰਤਨ ਦੇ ਚਮਕੌਰ ਸਾਹਿਬ ਵਿਖੇ ਪਹੁੰਚਣ ਉਪਰੰਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਨਾ ਹੋਣ ਕਾਰਨ ਅਤੇ ਪ੍ਰਬੰਧਕਾਂ ਉੱਤੇ ਇਸ ਮਹਾਨ ਅਸਥਾਨ ਨੂੰ ਨਜ਼ਰਅੰਦਾਜ਼ ਕਰਨ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਜਥੇ ਪਰਮਜੀਤ ਸਿੰਘ ਲੱਖੇਵਾਲ, ਜਥੇਦਾਰ ਅਜਮੇਰ ਸਿੰਘ ਖੇੜਾ, ਜਥੇਦਾਰ ਪ੍ਰੀਤਮ ਸਿੰਘ ਸੱਲ੍ਹੋਮਾਜਰਾ, ਅਕਾਲੀ ਆਗੂ ਹਰਮੋਹਨ ਸਿੰਘ ਸੰਧੂ, ਜਗਪਾਲ ਸਿੰਘ ਜੌਲੀ ਅਤੇ ਜ਼ਿਲ੍ਹਾ ਜਥੇਦਾਰ ਗੁਰਮੀਤ ਸਿੰਘ ਮਕੜੌਨਾ ਨੇ ਦੱਸਿਆ ਕਿ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਆਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਅਤੇ ਪੰਜਾਬ ਸਰਕਾਰ ਵੱਲੋਂ ਨਾਨਕਸਰ ਸੰਪਰਦਾ ਦੇ ਮੁਖੀ ਸੰਤ ਬਾਬਾ ਲੱਖਾ ਸਿੰਘ ਦੀ ਦੇਖਰੇਖ ਹੇਠ ਫਰੀਦਕੋਟ ਤੋਂ ਸਜਾਏ ਗਏ ਨਗਰ ਕੀਰਤਨ ਬੀਤੇ ਦਿਨ ਚਮਕੌਰ ਸਾਹਿਬ ਵਿਖੇ ਪਹੁੰਚੇ ਸਨ। ਜਿਨ੍ਹਾਂ ਦੇ ਸਵਾਗਤ ਲਈ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪਹੁੰਚੀਆਂ ਹੋਈਆਂ ਸਨ।
ਉਨ੍ਹਾਂ ਦੱਸਿਆ ਕਿ ਅਸਾਮ ਤੋਂ ਆਇਆ ਨਗਰ ਕੀਰਤਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਅਗਲੇ ਪੜਾਅ ਲਈ ਰਵਾਨਾ ਹੋਇਆ ਪਰੰਤੂ ਫਰੀਦਕੋਟ ਤੋਂ ਪਹੁੰਚੇ ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਾ ਪਹੁੰਚਣ ਕਾਰਨ ਸੰਗਤਾਂ ਵਿੱਚ ਨਿਰਾਸ਼ਾ ਪਾਈ ਗਈ।
ਆਗੂਆਂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਦੋਨੋਂ ਨਗਰ ਕੀਰਤਨ ਦੇ ਸਵਾਗਤ ਲਈ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਸਨ,ਪ੍ਰੰਤੂ ਫਰੀਦਕੋਟ ਤੋਂ ਪਹੁੰਚੇ ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਾ ਪਹੁੰਚਣ ਕਾਰਨ ਪ੍ਰਬੰਧਕਾਂ ਵੱਲੋ ਥੀਮ ਪਾਰਕ ਨੇੜੇ ਖੁਦ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਰਮਾਲਾ ਸਾਹਿਬ ਤੇ ਪੰਜ ਪਿਆਰਿਆਂ ਨੂੰ ਸਿਰਪਾਓ ਭੇਂਟ ਕੀਤੇ ਗਏ।
ਇਸ ਸਬੰਧੀ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ, ਰਾਜਸੀ ਸਕੱਤਰ ਜਗਤਾਰ ਸਿੰਘ ਘੜੂੰਆ ਅਤੇ ਐਸਡੀਐਮ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਵੱਖ ਵੱਖ ਸਥਾਨਾਂ ਤੋਂ ਸਜਾਏ ਗਏ ਚਾਰ ਨਗਰ ਕੀਰਤਨ ਇੱਕ ਨਿਰਧਾਰਤ ਸਮੇਂ ਤੇ ਸ੍ਰੀ ਆਨੰਦਪੁਰ ਸਾਹਿਬ ਪੁੱਜਣੇ ਸਨ ਤੇ ਇਸ ਸਮੇਂ ਨੂੰ ਹੀ ਧਿਆਨ ਵਿੱਚ ਰੱਖਦੇ ਹੋਏ ਸੰਤ ਬਾਬਾ ਲੱਖਾ ਸਿੰਘ ਵੱਲੋਂ ਪੰਜ ਪਿਆਰਿਆਂ ਸਮੇਤ ਗੁਰਦੁਆਰਾ ਕਤਲਗੜ੍ਹ ਸਾਹਿਬ ਟੀ ਪੁਆਇੰਟ ਤੇ ਅਰਦਾਸ ਬੇਨਤੀ ਕਰਨ ਉਪਰੰਤ ਨਗਰ ਕੀਰਤਨ ਨੂੰ ਅੱਗੇ ਲੈ ਜਾਇਆ ਗਿਆ ਅਤੇ ਇਹ ਫੈਸਲਾ ਵੀ ਮੁੱਖ ਪ੍ਰਬੰਧਕ ਸੰਤ ਬਾਬਾ ਲੱਖਾ ਸਿੰਘ ਵੱਲੋਂ ਹੀ ਲਿਆ ਗਿਆ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਨਗਰ ਕੀਰਤਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਨਹੀਂ ਹੋਇਆ।

