ਕੁਲਦੀਪ ਸਿੰਘਚੰਡੀਗੜ੍ਹ, 23 ਮਈਫੈਡਰੇਸ਼ਨ ਆਫ ਯੂਟੀ ਐਂਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੇ ਸੱਦੇ ’ਤੇ ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਨੇ ਅੱਜ ਸੈਕਟਰ 17 ਵਿੱਚ ਸਮਾਜ ਭਲਾਈ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦਿੰਦਿਆਂ ਪ੍ਰਦਰਸ਼ਨ ਕੀਤਾ।ਸਮਾਜ ਭਲਾਈ ਵਿਭਾਗ ਵੱਲੋਂ ਫੇਸ ਐਪ ਰਾਹੀਂ ਹਾਜ਼ਰੀ ਦੇ ਬਹਾਨੇ ਸੱਤ ਕਰੈੱਚ ਵਰਕਰਾਂ ਅਤੇ ਹੈਲਪਰਾਂ ਨੂੰ ਬਰਖਾਸਤ ਕੀਤੇ ਜਾਣ ਖ਼ਿਲਾਫ਼ ਕੀਤੇ ਇਸ ਰੋਸ ਪ੍ਰਦਰਸ਼ਨ ਦੀ ਪ੍ਰਧਾਨਗੀ ਫੈਡਰੇਸ਼ਨ ਦੇ ਸੀਨੀਅਰ ਉਪ-ਪ੍ਰਧਾਨ ਰਾਜੇਂਦਰ ਕਟੋਚ ਨੇ ਕੀਤੀ, ਜਦਕਿ ਪ੍ਰਧਾਨਗੀ ਮੰਡਲ ਵਿੱਚ ਹਰਕੇਸ਼ ਚੰਦ, ਸੁਨੀਤਾ ਸ਼ਰਮਾ, ਨਸੀਬ ਸਿੰਘ, ਟੋਪਲਾਨ, ਸੁਖਵਿੰਦਰ ਸਿੰਘ ਸਿੱਧੂ ਅਤੇ ਰਣਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਐੱਮ ਸੁਬਰਾਮਣੀਅਮ, ਬਿਹਾਰੀ ਲਾਲ, ਰੇਖਾ ਸ਼ਰਮਾ, ਰੇਖਾ ਗੋਰਾ, ਐੱਮ ਰਾਜੇਂਦਰਨ, ਪ੍ਰੇਮਪਾਲ, ਸਿਕੰਦਰ ਸ਼ਰਮਾ, ਹਰਪਾਲ ਸਿੰਘ, ਰਾਮ ਵਿਨੈ, ਵੀਰੇਂਦਰ ਸਿੰਘ, ਹਰਜਿੰਦਰ ਆਦਿ ਨੇ ਫੇਸ ਐਪ ਦੇ ਨਾਮ ’ਤੇ 7 ਕਰੈੱਚ ਵਰਕਰਾਂ ਅਤੇ ਹੈਲਪਰਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਵਿਭਾਗ ਦੇ ਅਧਿਕਾਰੀ ਕਰੈਚ ਵਰਕਰਾਂ ਅਤੇ ਹੈਲਪਰਾਂ ਵਿਰੁੱਧ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ। ਪਹਿਲਾਂ ਉਨ੍ਹਾਂ ਨੂੰ ਆਂਗਣਵਾੜੀ ਵਿੱਚ ਮਿਲਾ ਕੇ ਤਨਖਾਹ ਅੱਧੀ ਕਰ ਦਿੱਤੀ ਗਈ ਅਤੇ ਮਾਣਭੱਤੇ ਦੇ ਅਧੀਨ ਕਰ ਦਿੱਤੀ ਗਈ ਅਤੇ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ। ਹੁਣ 7 ਕਰਮਚਾਰੀਆਂ ਨੂੰ ਫੇਸ ਪ੍ਰਮਾਣੀਕਰਨ ਐਪ ਰਾਹੀਂ ਹਾਜ਼ਰੀ ਦੇ ਨਾਮ 'ਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।ਬੁਲਾਰਿਆਂ ਨੇ ਕਿਹਾ ਕਿ ਵਿਭਾਗ ਦੇ ਆਈਸੀਡੀਐੱਸ ਅਧੀਨ ਲਗਭਗ 1317 ਕਰਮਚਾਰੀ ਕੰਮ ਕਰਦੇ ਹਨ। ਹੁਣ ਤੱਕ ਸਿਰਫ਼ ਅੱਧੇ ਕਰਮਚਾਰੀ ਹੀ ਫੇਸ ਐਪ ਰਾਹੀਂ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਹਨ ਜਿਸ ਲਈ ਵਿਭਾਗ ਨੇ 7 ਅਪਰੈਲ ਦੀ ਤਰੀਕ ਨਿਰਧਾਰਿਤ ਕੀਤੀ ਸੀ, ਪਰ ਇਨ੍ਹਾਂ ਕਰਮਚਾਰੀਆਂ ਨੇ ਉਸ ਤਰੀਕ ਤੋਂ ਪਹਿਲਾਂ ਹੀ ਫੇਸ ਐਪ ’ਤੇ ਰਜਿਸਟਰ ਕਰਕੇ ਆਪਣੀ ਹਾਜ਼ਰੀ ਸ਼ੁਰੂ ਕਰ ਦਿੱਤੀ। ਫਿਰ ਵੀ ਉਨ੍ਹਾਂ ਨੂੰ 4 ਅਪਰੈਲ ਨੂੰ ਬਰਖਾਸਤ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਉਸ ਤੋਂ ਬਾਅਦ ਲਗਭਗ 125 ਕਰਮਚਾਰੀਆਂ ਨੂੰ ਆਪਣੀ ਹਾਜ਼ਰੀ ਨਾ ਲਗਾਉਣ ਲਈ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਕਿਉਂਕਿ ਅਜੇ ਵੀ 400-450 ਕਰਮਚਾਰੀ ਐਪ ਦੀ ਵਰਤੋਂ ਨਹੀਂ ਕਰ ਰਹੇ ਹਨ ਪਰ ਇਨ੍ਹਾਂ 7 ਕਰਮਚਾਰੀਆਂ ਨੂੰ ਬਰਖਾਸਤ ਕਰਨ ਵਿੱਚ ਬਹੁਤ ਜਲਦਬਾਜ਼ੀ ਕੀਤੀ ਗਈ ਕਿਉਂਕਿ ਐਪ ਰਾਹੀਂ ਆਪਣੀ ਹਾਜ਼ਰੀ ਲਗਾਉਣ ਤੋਂ ਬਾਅਦ ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਦੀ ਤਰਜ਼ ’ਤੇ ਉਸੇ ਕੰਮ ਅਨੁਸਾਰ ਮੋਬਾਈਲ ਅਤੇ ਰੀਚਾਰਜ ਦੀ ਮੰਗ ਕੀਤੀ ਸੀ।ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆਐੱਸਡੀਐੱਮ ਸੈਂਟਰਲ ਰਾਹੀਂ ਮੁੱਖ ਸਕੱਤਰ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਇਨ੍ਹਾਂ ਕਰਮਚਾਰੀਆਂ ਦੀ ਗੈਰ-ਕਾਨੂੰਨੀ ਬਰਖਾਸਤਗੀ ਨੂੰ ਰੱਦ ਕਰਨ ਅਤੇ ਉਨ੍ਹਾਂ ਨੂੰ ਨੌਕਰੀਆਂ ’ਤੇ ਬਹਾਲ ਕਰਨ ਦੀ ਮੰਗ ਕੀਤੀ ਗਈ।