ਇਸ ਹਲਕੇ ਦੀਆਂ ਸੜਕਾਂ ਦੀ ਹਾਲਤ ਖਸਤਾ ਹੈ ਜਿਸ ਕਾਰਨ ਲੋਕਾਂ ਵਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ। ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਅੱਜ ਜਲਾਲਪੁਰ-ਬਨੂੜ ਸੜਕ ਦੀ ਮਾੜੀ ਹਾਲਤ ਦਾ ਮੁੱਦਾ ਉਭਾਰਿਆ। ਸਥਾਨਕ ਕਾਂਗਰਸੀ ਆਗੂਆਂ ਨਾਲ ਇਸ ਸੜਕ ਉਤੇ ਪੁੱਜੇ ਸ੍ਰੀ ਢਿੱਲੋਂ ਨੇ ਨਗਰ ਕੌਂਸਲ ਲਾਲੜੂ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਇਲਾਕੇ ਦੀਆਂ ਲਿੰਕ ਸੜਕਾਂ ਆਪਣੀ ਹੋਂਦ ਗੁਆ ਚੁੱਕੀਆਂ ਹਨ ਤੇ ਇਸ ਸਮੇਂ ਇਲਾਕੇ ਦੀਆਂ ਵਧੇਰੇ ਸੜਕਾਂ ਨਾਲੋਂ ਖੇਤਾਂ ਦੀਆਂ ਪਹੀਆਂ ਵੀ ਚੰਗੀ ਸਥਿਤੀ ਵਿਚ ਹਨ। ਉਨ੍ਹਾਂ ਕਿਹਾ ਕਿ ਜਲਾਲਪੁਰ -ਬਨੂੜ ਸੜਕ ਉਤੇ ਤਾਂ ਨੇੜਲੇ ਪਿੰਡਾਂ ਦੇ ਵਸਨੀਕਾਂ ਨੇ ਖੁਦ ਰਾਖ ਪੁਆਈ ਹੈ ਤਾਂ ਕਿ ਸੜਕ ਵਿੱਚ ਪਏ ਟੋਏ ਪੂਰੇ ਜਾ ਸਕਣ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਨਾ ਸਿਰਫ ਉਨ੍ਹਾਂ ਨੇ ਬੇਹਿਸਾਬ ਲਿੰਕ ਸੜਕਾਂ ਬਣਵਾਈਆਂ ਸਗੋਂ ਨਗਰ ਕੌਂਸਲ ਵਿੱਚ ਵਿਕਾਸ ਲਈ ਸਰਕਾਰੀ ਫੰਡ ਵੀ ਲਿਆਂਦੇ ਸਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਸੜਕਾਂ ਲਈ ਨਾ ਤਾਂ ਫੰਡ ਲਿਆਈ ਤੇ ਨਾ ਹੀ ਕੇਂਦਰ ਸਰਕਾਰ ਕੋਲੋਂ ਆਪਣਾ ਹਿੱਸਾ ਲੈਣ ਲਈ ਠੋਸ ਪੈਰਵਾਈ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸੁਸ਼ੀਲ ਰਾਣਾ ਮਗਰਾ, ਕੌਂਸਲਰ ਯੁਗਵਿੰਦਰ ਰਾਠੌਰ, ਕਾਂਗਰਸੀ ਆਗੂ ਜਸਬੀਰ ਸਿੰਘ ਲਹਿਲੀ, ਮਨਜੀਤ ਸਿੰਘ ਜਲਾਲਪੁਰ, ਜਨਕ ਸਿੰਘ ਰਾਣਾ ਬੱਸੀ, ਰਾਮ ਸਿੰਘ ਨੰਬਰਦਾਰ, ਦਰਸ਼ਨ ਸਿੰਘ ਤੇ ਮਲਕੀਤ ਸਿੰਘ ਸਮੇਤ ਅਨੇਕਾਂ ਆਗੂ ਹਾਜ਼ਰ ਸਨ।
+
Advertisement
Advertisement
Advertisement
Advertisement
×