ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ ਲਈ ਕੈਂਪਸ ਵਿੱਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਤੇਜ਼ ਕੀਤੀਆਂ ਸਰਗਰਮੀਆਂ ਦੇ ਮੱਦੇਨਜ਼ਰ ਪੀਯੂ ਦੀ ਸਕਿਓਰਿਟੀ ਦੇ ਨਾਲ਼-ਨਾਲ਼ ਚੰਡੀਗੜ੍ਹ ਪੁਲੀਸ ਵੀ ਚੌਕਸ ਹੋ ਗਈ ਹੈ। ਚੰਡੀਗੜ੍ਹ ਪੁਲੀਸ ਦੀ ਸਖ਼ਤੀ ਦਾ ਅੱਜ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ।ਸੋਪੂ, ਸੱਥ, ਐੱਸਓਆਈ, ਏਐੱਸਏਪੀ ਆਦਿ ਜਥੇਬੰਦੀਆਂ ਨੇ ਪ੍ਰਬੰਧਕੀ ਬਲਾਕ ਨੇੜੇ ਲਗਾਏ ਪੁਲੀਸ ਨਾਕੇ ਉੱਤੇ ਇਕੱਠੇ ਹੋ ਕੇ ਪੁਲੀਸ ਦਾ ਘਿਰਾਓ ਕੀਤਾ। ਉਨ੍ਹਾਂ ਨੇ ‘ਕੈਂਪਸ ਵਿੱਚੋਂ ਚੰਡੀਗੜ੍ਹ ਪੁਲੀਸ ਵਾਪਸ ਜਾਓ’ ਅਤੇ ‘ਪੀਯੂ ਅਥਾਰਿਟੀ ਮੁਰਦਾਬਾਦ’ ਦੇ ਨਾਅਰੇ ਲਗਾਏ।ਵਿਦਿਆਰਥੀ ਆਗੂਆਂ ਵਿੱਚ ਸੱਥ ਤੋਂ ਜੋਧ ਸਿੰਘ, ਅਸ਼ਮੀਤ ਅਤੇ ਧਰਨੇ ਵਿੱਚ ਸ਼ਾਮਲ ਹੋਰ ਆਗੂਆਂ ਨੇ ਕਿਹਾ ਕਿ ਕੈਂਪਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਚੰਡੀਗੜ੍ਹ ਪੁਲੀਸ ਹੁਣ ਇੱਥੇ ਵਿਦਿਆਰਥੀ ਵਾਹਨਾਂ ਦੇ ਸਟਿੱਕਰਾਂ ਉਤਾਰੇ ਜਾਣ ਲੱਗੇ ਹਨ ਤੇ ਚਲਾਨ ਵੀ ਕਰਨ ਲੱਗ ਪਈ ਹੈ। ਵਿਦਿਆਰਥੀਆਂ ਨੇ ਕੈਂਪਸ ਵਿੱਚ ਪੁਲੀਸ ਦੀ ਦਖ਼ਲਅੰਦਾਜ਼ੀ ਤੁਰੰਤ ਰੋਕਣ ਦੀ ਮੰਗ ਕੀਤੀ ਅਤੇ ਅਥਾਰਿਟੀ ਨੂੰ ਮੌਕੇ ਉੱਤੇ ਪਹੁੰਚਣ ਲਈ ਮਜਬੂਰ ਕੀਤਾ।ਪੁਲੀਸ ਨਾਕੇ ’ਤੇ ਚੱਲ ਰਹੇ ਪ੍ਰਦਰਸ਼ਨ ਵਿੱਚ ਗੱਲ ਸੁਣਨ ਲਈ ਡੀਐੱਸਡਬਲਿਯੂ (ਲੜਕੇ) ਪ੍ਰੋ. ਅਮਿਤ ਚੌਹਾਨ, ਡੀਐੱਸਡਬਲਿਯੂ (ਲੜਕੀਆਂ) ਪ੍ਰੋ. ਨਮਿਤਾ ਗੁਪਤਾ ਮੌਕੇ ਉੱਤੇ ਪਹੁੰਚੇ ਤਾਂ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਪੁਲੀਸ ਦੀ ਧੱਕੇਸ਼ਾਹੀ ਬਾਰੇ ਦੱਸਦਿਆਂ ਪੁਲੀਸ ਨੂੰ ਕੈਂਪਸ ਤੋਂ ਬਾਹਰ ਕਰਨ ਦੀ ਮੰਗ ਕੀਤੀ ਅਤੇ ਸੜਕ ਦੇ ਦੂਜੇ ਪਾਸੇ ਵੀ ਟਰੈਫਿਕ ਜਾਮ ਕਰ ਦਿੱਤਾ। ਇਸ ਦੌਰਾਨ ਪੁਲੀਸ ਤੇ ਵਿਦਿਆਰਥੀਆਂ ਦੀ ਧੱਕਾ-ਮੁੱਕੀ ਵੀ ਹੋਈ।ਪ੍ਰੋ. ਚੌਹਾਨ ਦੀ ਮੌਜੂਦਗੀ ਵਿੱਚ ਪੁਲੀਸ ਨੇ ਦੱਸਿਆ ਕਿ ਇੱਕ ਵਿਦਿਆਰਥੀ ਦੇ ਵਾਹਨ ਦਾ ਚਲਾਨ ਹੋਇਆ ਹੈ ਪਰ ਉਹ ਸੋਸ਼ਲ ਮੀਡੀਆ ਤੋਂ ਦੇਖ ਕੇ ਕੀਤਾ ਹੋਇਆ ਚਲਾਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ।ਐੱਨਐੱਸਯੂਆਈ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਪ੍ਰਦਰਸ਼ਨਪੀਯੂ ਕੈਂਪਸ ਵਿੱਚ ਪੁਲੀਸ ਦੀ ਵਧਦੀ ਮੌਜੂਦਗੀ ਵਿਰੁੱਧ ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ ਐੱਨਐੱਸਯੂਆਈ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਉਨ੍ਹਾਂ ਨੇ ਕੈਂਪਸ ਵਿੱਚ ਚੰਡੀਗੜ੍ਹ ਪੁਲੀਸ ਰਾਹੀਂ ਵਿਦਿਆਰਥੀਆਂ ਲਈ ਡਰਾਉਣਾ ਮਾਹੌਲ ਪੈਦਾ ਕਰਨ ਦੀ ਨਿਖੇਧੀ ਕੀਤੀ। ਵਿਦਿਆਰਥੀ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਰਚਿਤ ਗਰਗ ਸਣੇ ਹੋਰਨਾਂ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਨਿਰੰਤਰ ਮੌਜੂਦਗੀ ਅਤੇ ਦਖ਼ਲਅੰਦਾਜ਼ੀ ਯੂਨੀਵਰਸਿਟੀ ਦੀ ਖ਼ੁਦਮੁਖ਼ਤਿਆਰੀ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਵਿਦਿਆਰਥੀਆਂ ਦੀ ਆਵਾਜ਼ ਦੱਬ ਰਹੀ ਹੈ। ਇਹ ਕੈਂਪਸ ਵਿੱਚ ਲੋਕਤੰਤਰ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਦੀ ਭਾਵਨਾ ’ਤੇ ਸਿੱਧਾ ਹਮਲਾ ਦੱਸਿਆ।