ਸੈਕਟਰ 45 ’ਚ ਪੁੱਟੀ ਸੜਕ ਨਾ ਬਣਾਉਣ ਦਾ ਵਿਰੋਧ
ਚੰਡੀਗੜ੍ਹ ਵਪਾਰ ਮੰਡਲ ਵੱਲੋਂ ਜਾਮ ਲਾਉਣ ਦੀ ਚਿਤਾਵਨੀ; ਪ੍ਰਸ਼ਾਸਨ ਵੱਲੋਂ ਜਲਦ ਮੁਰੰਮਤ ਦਾ ਭਰੋਸਾ
ਸੈਕਟਰ 45 ਦੇ ਵਪਾਰੀਆਂ ਨੇ 18 ਦਿਨ ਪਹਿਲਾਂ ਪੁੱਟਣ ਤੋਂ ਬਾਅਦ ਸੜਕ ਦੀ ਉਸਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਪੁਲਿਸ ਸਟੇਸ਼ਨ ਦੇ ਨੇੜੇ ਰੋਸ ਪ੍ਰਦਰਸ਼ਨ ਕੀਤਾ।
ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਢਾ, ਚੇਅਰਮੈਨ ਚਰਨਜੀਵ ਸਿੰਘ, ਜਨਰਲ ਸਕੱਤਰ ਬਲਵਿੰਦਰ ਸਿੰਘ, ਨਿਊ ਏਕਤਾ ਮਾਰਕੀਟ ਦੇ ਪ੍ਰਧਾਨ ਭਾਰਤ ਭੂਸ਼ਣ ਕਪਿਲ, ਚੇਅਰਮੈਨ ਭੂਪੇਂਦਰ ਸ਼ਰਮਾ, ਬਿਜ਼ਨਸ ਯੂਨਿਟੀ ਫੋਰਮ ਦੇ ਪ੍ਰਧਾਨ ਸੁਸ਼ੀਲ ਜੈਨ, ਕੇਸ਼ੋ ਰਾਮ ਕੰਪਲੈਕਸ ਦੇ ਪ੍ਰਧਾਨ ਬਲਜਿੰਦਰ ਗੁਜਰਾਲ, ਸਮਾਜ ਸੇਵਕ ਸ਼ਾਦਾਬ ਰਾਠੀ ਅਤੇ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਨੇ ਸੈਕਟਰ 45 ਸਥਿਤ ਪੁਲਿਸ ਸਟੇਸ਼ਨ ਨੇੜੇ ਕੀਤੇ ਗਏ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।
ਨਿਊ ਏਕਤਾ ਮਾਰਕੀਟ ਦੇ ਪ੍ਰਧਾਨ ਭਾਰਤ ਭੂਸ਼ਣ ਕਪਿਲਾ ਨੇ ਕਿਹਾ ਕਿ ਪਿਛਲੇ 17-18 ਦਿਨਾਂ ਤੋਂ ਸੜਕ ਪੁੱਟੀ ਹੋਈ ਹੈ ਜਿਸ ਕਰਕੇ ਹਰੇਕ ਦੁਕਾਨਦਾਰ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਪ੍ਰੰਤੂ ਪ੍ਰਸ਼ਾਸਨ ਇਸ ਦੀ ਮੁਰੰਮਤ ਨਹੀਂ ਕਰ ਰਿਹਾ ਹੈ। ਦੁਕਾਨਾਂ ਚਿੱਕੜ ਨਾਲ ਕਰ ਰਹੀਆਂ ਹਨ ਅਤੇ ਦੁਕਾਨਾਂ ਵਿੱਚ ਪਿਆ ਕੀਮਤੀ ਸਮਾਨ ਨੂੰ ਨੁਕਸਾਨ ਹੋ ਰਿਹਾ ਹੈ। ਸੁਸ਼ੀਲ ਜੈਨ ਨੇ ਕਿਹਾ ਕਿ ਪੁੱਟੀ ਹੋਈ ਸੜਕ ਤੋਂ ਉਡਦੀ ਧੂੜ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ।
ਕੇਸ਼ੋ ਰਾਮ ਕੰਪਲੈਕਸ ਦੇ ਪ੍ਰਧਾਨ ਬਲਜਿੰਦਰ ਗੁਜਰਾਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਦੁਕਾਨਦਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਦੋਪਹੀਆ ਸਵਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਇਸ ਦੌਰਾਨ ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਢਾ ਨੇ ਮੌਕੇ ’ਤੇ ਐਕਸੀਅਨ ਰੋਡਜ਼ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਐਤਵਾਰ ਤੱਕ ਸੜਕ ਪੂਰੀ ਨਹੀਂ ਹੋਈ ਤਾਂ ਸੋਮਵਾਰ ਨੂੰ ਸੜਕ ਜਾਮ ਕੀਤੀ ਜਾਵੇਗੀ ਅਤੇ ਵੱਡੀ ਗਿਣਤੀ ਵਿੱਚ ਵਪਾਰੀ ਸੜਕਾਂ ’ਤੇ ਉਤਰ ਆਉਣਗੇ। ਐਕਸੀਅਨ ਨੇ ਚੰਡੀਗੜ੍ਹ ਵਪਾਰ ਬੋਰਡ ਦੇ ਪ੍ਰਧਾਨ ਸੰਜੀਵ ਚੱਢਾ ਨੂੰ ਭਰੋਸਾ ਦਿੱਤਾ ਕਿ ਕੱਲ੍ਹ ਤੋਂ ਕੰਮ ਤੇਜ਼ੀ ਨਾਲ ਸ਼ੁਰੂ ਹੋ ਜਾਵੇਗਾ ਅਤੇ ਸੜਕ ਚਾਰ ਤੋਂ ਪੰਜ ਦਿਨਾਂ ਵਿੱਚ ਪੂਰੀ ਹੋ ਜਾਵੇਗੀ। ਇਸ ਭਰੋਸੇ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ।

