ਪਰਵਾਸੀਆਂ ਖ਼ਿਲਾਫ਼ ਮੁਜ਼ਾਹਰਾ ਤੇ ਚੱਕਾ ਜਾਮ
ਅੱਜ ਇਥੇ ਹੁਸ਼ਿਆਪੁਰ ਵਿੱਚ ਪਰਵਾਸੀ ਵੱਲੋਂ ਪੰਜਾਬੀ ਬੱਚੇ ਹਰਵੀਰ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਨੂੰ ਲੈ ਕੇ ਨਿਹੰਗ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਦਾ ਇਕੱਠ ਹੋਇਆ। ਇਸ ਮੌਕੇ ਪਰਵਾਸੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ ਅਤੇ ਕੌਮੀ ਮਾਰਗ ਦੇ ਮੇਨ ਚੌਕ ਵਿੱਚ ਜਾਮ ਲਗਾ ਕੇ ਲੋਕਾਂ ਨੂੰ ਪਰਵਾਸੀਆਂ ਖ਼ਿਲਾਫ਼ ਇਕਜੁੱਟ ਹੋਣ ਅਤੇ ਪ੍ਰਸ਼ਾਸਨ ਨੂੰ ਸਖ਼ਤ ਰਵੱਈਆ ਅਪਣਾਉਣ ਦੀ ਅਪੀਲ ਕੀਤੀ ਗਈ।
ਸ਼ਹਿਰ ਵਿੱਚ ਹੋਏ ਇਕੱਠ ਦੌਰਾਨ 96 ਕਰੋੜੀ ਜਥੇਦਾਰ ਬਾਬਾ ਕੁਲਵਿੰਦਰ ਸਿੰਘ, ਬਾਬਾ ਸ਼ਿੰਗਾਰਾ ਸਿੰਘ, ਨਾਗਰ ਸਿੰਘ ਖਾਲਸਾ, ਬਾਬਾ ਮਾਨ ਸਿੰਘ ਖਾਸਲਾ, ਮਨਿੰਦਰ ਸਿੰਘ ਰਾਣਾ ਤੇ ਹੋਰ ਬੁਲਾਰਿਆਂ ਨੇ ਪੰਜ ਸਾਲਾ ਬੱਚੇ ਦੇ ਕਤਲ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਨੂੰ ਅਜਿਹੇ ਪਰਵਾਸੀਆਂ ਤੋਂ ਬਚਾਉਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਸਮੁੱਚੇ ਪੰਜਾਬੀਆਂ ਨੂੰ ਜਾਗਰੂਕ ਹੋਣ ਅਤੇ ਪਰਵਾਸੀਆਂ ਤੋਂ ਕਿਨਾਰਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੌਰਾਨ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ ਅਤੇ ਸ਼ਹਿਰ ਦੇ ਮੇਨ ਬੱਸ ਅੱਡੇ ’ਤੇ ਟਰੈਫਿਕ ਲਾਈਟਾਂ ਉੱਤੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਕੁਝ ਸਮੇਂ ਦੇ ਸੰਕੇਤਕ ਜਾਮ ਤੋਂ ਬਾਅਦ ਟਰੈਫਿਕ ਮੁੜ ਬਹਾਲ ਕਰ ਦਿੱਤੀ ਗਈ। ਇਸੇ ਦੌਰਾਨ ਮੁਜ਼ਾਹਰਕਾਰੀਆਂ ਨੇ ਸ਼ਹਿਰ ਦੇ ਬਾਜ਼ਾਰਾਂ ਅਤੇ ਸੜਕਾਂ ਵਿੱਚ ਪਰਵਾਸੀਆਂ ਨੂੰ ਦੁਕਾਨਾਂ ਅਤੇ ਹੋਰ ਇਮਾਰਤਾਂ ਦੇਣ ਅਤੇ ਦੁਕਾਨਾਂ ਅੱਗੇ ਖੜ੍ਹੇ ਕਰਨ ਤੋਂ ਸੁਚੇਤ ਕੀਤਾ। ਰੋਸ ਮਾਰਚ ਦੌਰਾਨ ਹੀ ਹੁਸ਼ਿਆਰਪੁਰ ਵਿੱਚ ਪਰਵਾਸੀ ਦੀ ਦਰਿੰਦਗੀ ਦਾ ਸ਼ਿਕਾਰ ਹੋਏ ਪੰਜ ਸਾਲਾ ਹਰਵੀਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਸਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ। ਇਸੇ ਦੌਰਾਨ ਸਰਕਾਰ ਤੋਂ ਮੰਗ ਕੀਤੀ ਕਿ ਹਰਵੀਰ ਦੀ ਮੌਤ ਲਈ ਜ਼ਿੰਮੇਵਾਰ ਪਰਵਾਸੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਇਸ ਲਈ ਠੋਸ ਕਦਮ ਚੁੱਕੇ ਜਾਣ।