ਰੇਲਵੇ ਲਾਈਨ ਨਜ਼ਦੀਕ ਬਣਾਏ ਕੂੜਾ ਡੰਪ ਵਿਰੁੱਧ ਮੁਜ਼ਾਹਰਾ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 7 ਜੁਲਾਈ
ਪਿੰਡ ਕੰਬਾਲੀ ਨੇੜੇ ਰੇਲਵੇ ਸਟੇਸ਼ਨ ਕੋਲ ਬਣਾਏ ਕੂੜਾ ਡੰਪ ਵਿਰੁੱਧ ਲੋਕਾਂ ਵਿਚ ਰੋਸ ਲਗਾਤਾਰ ਵਧ ਰਿਹਾ ਹੈ। ਅੱਜ ਫੇਜ਼ ਗਿਆਰਾਂ, ਕੰਬਾਲੀ ਅਤੇ ਧਰਮਗੜ੍ਹ ਦੇ ਵਸਨੀਕਾਂ ਨੇ ਸਾਂਝੀ ਮੀਟਿੰਗ ਕਰਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਉਨ੍ਹਾਂ ਕੂੜਾ ਪਲਾਂਟ ਤੁਰੰਤ ਚੁੱਕੇ ਜਾਣ ਦੀ ਮੰਗ ਸਬੰਧੀ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਵਿੱਚ ਜਾਗਰੂਕਤਾ ਪ੍ਰਗਟ ਕਰਨ ਲਈ ਚੇਤਨਾ ਮਾਰਚ ਕੱਢੇ ਜਾਣ ਦਾ ਵੀ ਫੈਸਲਾ ਕੀਤਾ ਗਿਆ।
ਇਸ ਮੌਕੇ ਹਾਜ਼ਰ ਵਸਨੀਕਾਂ ਨੇ ਆਖਿਆ ਕਿ ਕੂੜਾ ਪਲਾਂਟ ਕਾਰਨ ਸਮੁੱਚੇ ਖੇਤਰ ਵਿੱਚ ਬਦਬੂ ਫੈਲ ਰਹੀ ਹੈ। ਕੂੜਾ ਸਾੜੇ ਜਾਣ ਦੌਰਾਨ ਉੱਠਦੇ ਧੂੰਏਂ ਕਾਰਨ ਲੋਕਾਂ ਨੂੰ ਸਾਹ ਦੀ ਤਕਲੀਫ਼ ਹੋਣ ਲਗੀ ਹੈ। ਉਨ੍ਹਾਂ ਕਿਹਾ ਕਿ ਬਰਸਾਤ ਕਾਰਨ ਫੈਲ ਰਹੀ ਗੰਦਗੀ ਨਾਲ ਇੱਥੇ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਹੈ। ਲੋਕਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਇੱਥੋਂ ਕੂੜਾ ਡੰਪ ਨਾ ਚੁਕਵਾਇਆ ਤਾਂ ਵੱਡਾ ਸੰਘਰਸ਼ ਵਿੱਡਿਆ ਜਾਵੇਗਾ।
ਇਸ ਮੌਕੇ ਕੁਲਵੰਤ ਸਿੰਘ ਕਲੇਰ, ਗੌਰਵ ਜੈਨ, ਸੁਖਵਿੰਦਰ ਸਿੰਘ ਬਰਨਾਲਾ, ਬਖ਼ਸ਼ੀ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ, ਹਰਪਾਲ ਸਿੰਘ ਸੋਢੀ, ਕੈਪਟਨ ਕਰਨੈਲ ਸਿੰਘ, ਗੁਰਮੇਲ ਸਿੰਘ ਮੋਜੋਵਾਲ, ਰਮਣੀਕ ਸਿੰਘ, ਪ੍ਰਕਾਸ਼ ਚੰਦ, ਸੋਹਣ ਸਿੰਘ, ਸਵਰਨ ਸਿੰਘ ਮਾਨ, ਗੁਰਦੀਪ ਸਿੰਘ, ਅਜੀਤ ਸਿੰਘ ਸੰਧੂ ਸਰਪੰਚ ਕੰਬਾਲੀ, ਪਰਮਜੀਤ ਸਿੰਘ ਧਰਮਗੜ੍ਹ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।