ਪੀ ਜੀ ਆਈ ਵੱਲ ਪ੍ਰਾਪਰਟੀ ਟੈਕਸ ਤੇ ਪਾਣੀ ਦੇ ਬਕਾਏ
ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈਏਐਸ ਨੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ ਜੀ ਆਈ ਐੱਮ ਈ ਆਰ), ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਲੰਬਿਤ ਪ੍ਰਾਪਰਟੀ ਟੈਕਸ ਅਤੇ ਵਾਟਰ ਬਿਲ ਦੇ ਬਕਾਏ, ਫਾਇਰ ਸੇਫਟੀ ਪਾਲਣਾ, ਸਾਲਿਡ ਵੇਸਟ ਮੈਨੇਜਮੈਂਟ ਦੇ...
ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈਏਐਸ ਨੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ ਜੀ ਆਈ ਐੱਮ ਈ ਆਰ), ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਲੰਬਿਤ ਪ੍ਰਾਪਰਟੀ ਟੈਕਸ ਅਤੇ ਵਾਟਰ ਬਿਲ ਦੇ ਬਕਾਏ, ਫਾਇਰ ਸੇਫਟੀ ਪਾਲਣਾ, ਸਾਲਿਡ ਵੇਸਟ ਮੈਨੇਜਮੈਂਟ ਦੇ ਉਪਾਵਾਂ ਅਤੇ ਕੈਂਪਸ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਥਾਪਨਾ ਸਣੇ ਵੱਖ-ਵੱਖ ਮਿਉਂਸਿਪਲ ਮਾਮਲਿਆਂ ਨੂੰ ਹੱਲ ਕਰਨ ਲਈ ਸਮੀਖਿਆ ਮੀਟਿੰਗ ਬੁਲਾਈ। ਸੈਕਟਰ 17 ਦੀ ਐੱਮ.ਸੀ. ਬਿਲਡਿੰਗ ਵਿੱਚ ਹੋਈ ਮੀਟਿੰਗ ਵਿੱਚ ਪੀ ਜੀ ਆਈ ਦੇ ਸੁਪਰਡੈਂਟ ਇੰਜਨੀਅਰ ਕਰਨਲ ਜੀ.ਐਸ. ਭੱਟੀ ਸਣੇ ਹੋਰ ਅਧਿਕਾਰੀ, ਡਾਕਟਰ ਅਤੇ ਨਿਗਮ ਅਧਿਕਾਰੀ ਹਾਜ਼ਰ ਸਨ। ਚੀਫ਼ ਫਾਇਰ ਅਫ਼ਸਰ ਨੇ ਦੱਸਿਆ ਕਿ ਪੀ ਜੀ ਆਈ ਦੀਆਂ ਕਈ ਇਮਾਰਤਾਂ ਵਿੱਚ ਲੋੜੀਂਦੇ ਫਾਇਰ ਸੇਫਟੀ ਪ੍ਰਬੰਧ ਨਹੀਂ ਹਨ। ਇਸ ਦੇ ਜਵਾਬ ਵਿੱਚ ਪੀਜੀਆਈ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸੀ.ਬੀ.ਆਰ.ਆਈ., ਰੁੜਕੀ ਵੱਲੋਂ ਫਾਇਰ ਸੇਫਟੀ ਆਡਿਟ ਕਰਵਾਇਆ ਜਾ ਰਿਹਾ ਹੈ ਅਤੇ 16 ਇਮਾਰਤਾਂ ਦਾ ਪਹਿਲਾਂ ਹੀ ਨਿਰੀਖਣ ਕੀਤਾ ਜਾ ਚੁੱਕਾ ਹੈ। ਇੰਸਟੀਚਿਊਟ ਨੇ ਫਾਇਰ ਸੇਫਟੀ ਨਿਯਮਾਂ ਦੀ ਪੂਰੀ ਪਾਲਣਾ ਦਾ ਭਰੋਸਾ ਦਿਵਾਇਆ। ਕਮਿਸ਼ਨਰ ਨੇ ਪੀ ਜੀ ਆਈ ਐਮ ਈ ਆਰ ਦੇ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਦੀ ਸਹੂਲਤ ਲਈ ਸਾਰੇ ਬਕਾਇਆ ਪ੍ਰਾਪਰਟੀ ਟੈਕਸ ਤੇ ਪਾਣੀ ਦੇ ਬਕਾਏ ਤੁਰੰਤ ਕਲੀਅਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਪੀ ਜੀ ਆਈ ਬਲਕ ਵੇਸਟ ਜਨਰੇਟਰ ਦੇ ਤੌਰ ’ਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ ਅਤੇ ਇਸ ਸਬੰਧੀ ਵੇਰਵੇ ਪੇਸ਼ ਕਰਨ ਲਈ ਸਹਿਮਤੀ ਦਿੱਤੀ।

