ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢਣ ਲਈ ਪ੍ਰੋਗਰੈਸਿਵ ਫਰੰਟ ਕਾਇਮ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 28 ਜੂਨ
ਇੱਥੋਂ ਦੇ ਫੇਜ਼ ਦਸ ਵਿੱਚ ਵੱਖ-ਵੱਖ ਵਰਗਾਂ ਦੇ ਇਕੱਠ ਦੌਰਾਨ ਪ੍ਰੋਗਰੈਸਿਵ ਫਰੰਟ ਪੰਜਾਬ ਦੀ ਸਥਾਪਨਾ ਕੀਤੀ ਗਈ। ਵਕੀਲ ਦਰਸ਼ਨ ਸਿੰਘ ਧਾਲੀਵਾਲ ਨੂੰ ਸੰਸਥਾ ਦਾ ਚੇਅਰਮੈਨ, ਪੰਚਾਇਤੀ ਸੰਸਥਾਵਾਂ ਦੇ ਸੂਬਾਈ ਆਗੂ ਹਰਮਿੰਦਰ ਸਿੰਘ ਮਾਵੀ ਨੂੰ ਪ੍ਰਧਾਨ ਅਤੇ ਸਾਬਕਾ ਪੁਲੀਸ ਇੰਸਪੈਕਟਰ ਮਹਿੰਦਰ ਸਿੰਘ ਮਨੌਲੀ ਸੂਰਤ ਨੂੰ ਜਨਰਲ ਸਕੱਤਰ ਚੁਣਿਆ ਗਿਆ।
ਇਸ ਮੌਕੇ ਸ੍ਰੀ ਧਾਲੀਵਾਲ ਨੇ ਨਵੀਂ ਜਥੇਬੰਦੀ ਦੇ ਉਦੇਸ਼ਾਂ ਅਤੇ ਕਾਰਜ ਸ਼ੈਲੀ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਫਰੰਟ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਵਿਅਕਤੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਗੱਠਜੋੜ ਦੀ ਪੋਲ ਖੋਲ੍ਹੇਗਾ ਤੇ ਇਨ੍ਹਾਂ ਅਲਾਮਤਾਂ ਵਿਰੁੱਧ ਮੁਹਿੰਮ ਚਲਾਏਗਾ।
ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਸਾਂਝਾ ਪਲੇਟਫਾਰਮ ਤਿਆਰ ਕਰਕੇ ਸਾਂਝੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਮਹਿੰਦਰ ਸਿੰਘ ਮਨੌਲੀ ਸੂਰਤ ਨੇ ਦੱਸਿਆ ਕਿ ਸੇਵਾ ਮੁਕਤ ਕਰਮਚਾਰੀਆਂ ਨੂੰ ਵੀ ਫਰੰਟ ਆਪਣੇ ਨਾਲ ਜੋੜੇਗਾ।
ਇਸ ਮੌਕੇ ਪਰਮਦੀਪ ਸਿੰਘ ਬੈਦਵਾਣ, ਕਿਰਪਾਲ ਸਿੰਘ ਸਿਆਊ, ਨਛੱਤਰ ਸਿੰਘ ਬੈਦਵਾਣ, ਗਿਆਨ ਸਿੰਘ ਧੜਾਕ, ਗੀਤਕਾਰ ਭੱਟੀ ਭੜੀ ਵਾਲਾ, ਡਾ. ਜਸਪਾਲ ਸਿੰਘ ਲਖਨੌਰ, ਰਵਿੰਦਰ ਸਿੰਘ, ਨਾਟਕਕਾਰ ਸੰਜੀਵਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਦਰਾਂ ਮੈਂਬਰੀ ਕਾਰਜਕਾਰਨੀ ਦਾ ਵੀ ਐਲਾਨ ਕੀਤਾ ਗਿਆ।