ਪ੍ਰਧਾਨ ਮੰਤਰੀ ਦਾ ‘ਵਿਸ਼ਵ ਦਰਸ਼ਨ’: ਮੋਦੀ ਦੀਆਂ ਵਿਦੇਸ਼ ਫੇਰੀਆਂ ’ਤੇ ਕਰੀਬ 2500 ਕਰੋੜ ਦਾ ਆ ਚੁੱਕੈ ਖ਼ਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਦੀ ਪਹਿਲੀ ਪਾਰੀ (2014) ਤੋਂ ਲੈ ਕੇ ਹੁਣ ਤੱਕ ‘ਵਿਸ਼ਵ ਦਰਸ਼ਨ’ ਲਈ ਕਰੀਬ 300 ਦਿਨ ਵਿਦੇਸ਼ੀ ਧਰਤੀ ’ਤੇ ਗੁਜ਼ਾਰੇ ਹਨ। ਮਤਲਬ ਪ੍ਰਧਾਨ ਮੰਤਰੀ ਮੋਦੀ ਨੇ ਔਸਤਨ ਹਰ ਤੇਰ੍ਹਵਾਂ ਦਿਨ ਵਿਦੇਸ਼ ’ਚ ਬਿਤਾਇਆ ਹੈ।
ਉਨ੍ਹਾਂ ਇਹ ਨਵਾਂ ਰਿਕਾਰਡ ਕਾਇਮ ਕੀਤਾ ਹੈ ਜਦੋਂ ਕਿ ਇਸ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਦੇ ਹਿੱਸੇ ਅਜਿਹੀ ਵਿਦੇਸ਼ ਯਾਤਰਾ ਨਹੀਂ ਆਈ। ਇਨ੍ਹਾਂ 11 ਵਰ੍ਹਿਆਂ ’ਚ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾ ’ਤੇ ਕਰੀਬ 2500 ਕਰੋੜ ਰੁਪਏ ਦਾ ਖ਼ਰਚਾ ਆਇਆ ਹੈ।
ਵਿਦੇਸ਼ ਮੰਤਰਾਲੇ ਦੀ ਤਾਜ਼ਾ ਸੂਚਨਾ ਅਨੁਸਾਰ ਪ੍ਰਧਾਨ ਮੰਤਰੀ ਨੇ ਸਾਲ 2021 ਤੋਂ ਜੁਲਾਈ 2025 ਤੱਕ 33 ਵਿਦੇਸ਼ ਦੌਰਿਆਂ ਦੌਰਾਨ 57 ਮੁਲਕਾਂ ਦੀ ਯਾਤਰਾ ਕੀਤੀ ਹੈ ਜਿਸ ’ਤੇ 361.94 ਕਰੋੜ ਦਾ ਖ਼ਰਚਾ ਆਇਆ ਹੈ। ਸਾਲ 2024 ਵਿੱਚ ਪ੍ਰਧਾਨ ਮੰਤਰੀ ਨੇ 11 ਵਿਦੇਸ਼ ਦੌਰੇ ਕੀਤੇ ਜਿਨ੍ਹਾਂ ’ਤੇ 109.42 ਕਰੋੜ ਰੁਪਏ ਖ਼ਰਚ ਆਏ ਹਨ।
ਲੰਘੇ ਚਾਰ ਵਰ੍ਹਿਆਂ ਦੌਰਾਨ ਵਿਦੇਸ਼ਾਂ ਵਿੱਚ ਪ੍ਰਚਾਰ ’ਤੇ 1.12 ਕਰੋੜ ਰੁਪਏ ਖ਼ਰਚੇ ਗਏ ਹਨ। ਪ੍ਰਧਾਨ ਮੰਤਰੀ ਨੇ 2014 ਤੋਂ 2018 ਤੱਕ 60 ਮੁਲਕਾਂ ਦਾ ਦੌਰਾ ਕੀਤਾ ਸੀ ਜਿਸ ’ਤੇ 2022.58 ਕਰੋੜ ਰੁਪਏ ਖ਼ਰਚ ਆਏ ਸਨ।
ਜਦੋਂ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ 31 ਮੁਲਕਾਂ ਦਾ ਦੌਰਾ ਕੀਤਾ ਸੀ, ਜਿਸ ’ਤੇ 144.43 ਕਰੋੜ ਰੁਪਏ ਖ਼ਰਚ ਆਏ ਸਨ। ਵਾਜਪਾਈ ਨੇ ਵਿਦੇਸ਼ੀ ਧਰਤੀ ’ਤੇ ਪੰਜ ਸਾਲਾਂ ਦੌਰਾਨ 131 ਦਿਨ ਗੁਜ਼ਾਰੇ ਸਨ।
ਉਸ ਮਗਰੋਂ ਪ੍ਰਧਾਨ ਮੰਤਰੀ ਬਣੇ ਡਾ. ਮਨਮੋਹਨ ਸਿੰਘ ਨੇ ਦਸ ਸਾਲ ਦੇ ਕਾਰਜਕਾਲ ਦੌਰਾਨ 35 ਮੁਲਕਾਂ ਦਾ ਦੌਰਾ ਕੀਤਾ, ਜਿਸ ’ਤੇ 699 ਕਰੋੜ ਖ਼ਰਚ ਆਏ ਸਨ। ਉਨ੍ਹਾਂ ਨੇ ਦਸ ਸਾਲਾਂ ਦੌਰਾਨ 144 ਦਿਨ ਵਿਦੇਸ਼ੀ ਧਰਤੀ ’ਤੇ ਬਿਤਾਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਤੱਕ 91 ਵਿਦੇਸ਼ ਦੌਰੇ ਕਰ ਚੁੱਕੇ ਹਨ। ਸਾਲ 2025 ਦੌਰਾਨ ਕੀਤੇ ਤਿੰਨ ਦੌਰਿਆਂ ਦੇ ਖ਼ਰਚੇ ਦਾ ਰਿਕਾਰਡ ਹਾਲੇ ਉਪਰੋਕਤ ਵੇਰਵੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।