ਚੰਡੀਗੜ੍ਹ ਕਲੱਬ ’ਤੇ ਜੁਰਮਾਨਾ ਲਗਾਉਣ ਦੀ ਤਿਆਰੀ
ਕਲੱਬ ਨੇ ਲੀਜ਼ ’ਤੇ ਮਿਲੀ ਛੇ ਏਕਡ਼ ਜ਼ਮੀਨ ਤੋਂ ਇਲਾਵਾ ਪੰਜ ਏਕਡ਼ ਹੋਰ ਜ਼ਮੀਨ ’ਤੇ ਕਬਜ਼ਾ ਕੀਤਾ
ਯੂ ਟੀ ਪ੍ਰਸ਼ਾਸਨ ਵੱਲੋਂ ਸੈਕਟਰ-1 ਸਥਿਤ ਚੰਡੀਗੜ੍ਹ ਕਲੱਬ ਵਿੱਚ ਹੋਈਆ ਨਾਜਾਇਜ਼ ਉਸਾਰੀਆਂ ਢਾਹੁਣ ਤੋਂ ਬਾਅਦ ਹੁਣ ਕਲੱਬ ਵਿੱਚ ਵਪਾਰਕ ਗਤੀਵੀਧੀਆਂ ਕਰਨ ਲਈ ਜੁਰਮਾਨਾ ਲਗਾਉਣ ਅਤੇ ਬਕਾਇਆ ਵਸੂਲਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਕਲੱਬ ਨੂੰ 6 ਏਕੜ ਜ਼ਮੀਨ ਲੀਜ਼ ’ਤੇ ਦਿੱਤੀ ਗਈ ਸੀ, ਪਰ ਕਲੱਬ ਵੱਲੋਂ ਪੰਜ ਏਕੜ ਹੋਰ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਇਸ ਜ਼ਮੀਨ ’ਤੇ ਕੈਟਰਰ ਵੱਲੋਂ ਵਪਾਰਕ ਗਤੀਵੀਧੀਆਂ ਨੂੰ ਅੰਜਾਮ ਦਿੱਤਾ ਗਿਆ ਹੈ। ਇਸੇ ਲਈ ਪ੍ਰਸ਼ਾਸਨ ਵੱਲੋਂ ਕਲੱਬ ’ਤੇ ਗੈਰ ਕਾਨੂੰਨੀ ਢੰਗ ਨਾਲ ਵਪਾਰਕ ਗਤੀਵੀਧੀਆਂ ਕਰਨ ਵਾਲੀ ਥਾਂ ਲਈ ਜੁਰਮਾਨਾ ਲਗਾਉਣ ਲਈ ਹਿਸਾਬ ਲਗਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ 25 ਨਵੰਬਰ ਨੂੰ ਚੰਡੀਗੜ੍ਹ ਕਲੱਬ ਵਿੱਚ ਕੀਤੀ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਸੀ। ਹਾਲਾਂਕਿ ਨਾਜਾਇਜ਼ ਉਸਾਰੀਆਂ ਢਾਹੁਣ ਖ਼ਿਲਾਫ਼ ਕੈਟਰਰ ਵੱਲੋਂ ਪਾਈ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਕੋਈ ਕਾਰਵਾਈ ਕਰਨ ’ਤੇ ਰੋਕ ਲਗਾ ਦਿੱਤੀ ਸੀ। ਸੁਪਰੀਮ ਕੋਰਟ ਮੁਤਾਬਕ ਇਸ ਜ਼ਮੀਨ ’ਤੇ ਨਾ ਕੋਈ ਉਸਾਰੀ ਹੋਵੇਗੀ ਅਤੇ ਨਾ ਹੀ ਕੁਝ ਢਾਹਿਆ ਜਾਵੇਗਾ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਇਸ ਜ਼ਮੀਨ ਦੀ ਵਰਤੋਂ ਵਪਾਰਕ ਉਦੇਸ਼ ਲਈ ਨਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਯੂ ਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਕਿਸੇ ਨੂੰ ਵੀ ਨਾਜਾਇਜ਼ ਉਸਾਰੀਆਂ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।

