ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਦੀ ਚੋਣ ਸਬੰਧੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਵਾਸ ’ਤੇ ਬਲਾਕ ਮੋਰਿੰਡਾ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਪਾਰਟੀ ਹਾਈ ਕਮਾਂਡ ਵੱਲੋਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਇੰਚਾਰਜ ਸੁਭਾਸ਼ ਚੋਪੜਾ ਅਤੇ ਕੋਆਰਡੀਨੇਟਰ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਵਰਕਰਾਂ ਨਾਲ ਇੱਕ ਇੱਕ ਕਰਕੇ ਮੀਟਿੰਗ ਕੀਤੀ ਗਈ ਅਤੇ ਵਰਕਰਾਂ ਦੇ ਵਿਚਾਰ ਜਾਣੇ ਗਏ। ਇਸ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹੁਣ ਰਾਹੁਲ ਗਾਂਧੀ ਦੀ ਸੋਚ ਅਨੁਸਾਰ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਜਿਸ ਸਬੰਧੀ ਹਰ ਬਲਾਕ ਵਿੱਚੋਂ 6-6 ਉਮੀਦਵਾਰਾਂ ਦੇ ਨਾਮ ਹਾਈ ਕਮਾਂਡ ਨੂੰ ਭੇਜੇ ਜਾਣਗੇ। ਮਗਰੋਂ ਜ਼ਿਲਾ ਪ੍ਰਧਾਨ ਚੁਣਿਆ ਜਾਵੇਗਾ। ਇਸ ਮੌਕੇ ਸੁਭਾਸ਼ ਚੋਪੜਾ ਅਤੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਚੋਣ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪੱਖਪਾਤ ਤੇ ਭਾਈ ਭਤੀਜਾਵਾਦ ਨਹੀਂ ਕੀਤਾ ਜਾਵੇਗਾ ਸਗੋਂ ਸਿਰਫ ਅਤੇ ਸਿਰਫ ਸਰਬ ਪ੍ਰਮਾਣਿਤ ਵਿਅਕਤੀ ਨੂੰ ਹੀ ਜ਼ਿਲ੍ਹਾ ਪ੍ਰਧਾਨ ਚੁਣਿਆ ਜਾਵੇਗਾ। ਇਸ ਮੌਕੇ ਵਿਧਾਨ ਸਭਾ ਹਲਕਾ ਖਰੜ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ, ਸੀਨੀਅਰ ਕਾਂਗਰਸੀ ਆਗੂ ਹਰਸੋਹਣ ਸਿੰਘ ਭੰਗੂ, ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾ ਕੌਂਸਲ ਦੇ ਸਾਬਕਾ ਪ੍ਰਧਾਨ ਹਰੀਪਾਲ, ਬਲਾਕ ਕਾਂਗਰਸ ਪ੍ਰਧਾਨ ਦਰਸ਼ਨ ਸਿੰਘ ਸੰਧੂ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਵਜੀਤ ਸਿੰਘ ਨਵੀ ਹਾਜ਼ਰ ਸਨ।
ਬਲਾਕ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਅੱਜ
ਖਰੜ (ਸ਼ਸ਼ੀ ਪਾਲ ਜੈਨ): ਬਲਾਕ ਖਰੜ ਸਿਟੀ ਕਾਂਗਰਸ ਕਮੇਟੀ ਖਰੜ ਨਾਲ ਸਬੰਧਤ ਸਮੂਹ ਕਾਂਗਰਸੀ ਆਗੂ, ਵਰਕਰ, ਮੌਜੂਦਾ ਐੱਮ ਸੀ, ਸਾਬਕਾ ਐੱਮ ਸੀ, ਬਲਾਕ ਸਮਿਤੀ ਮੈਂਬਰ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ, ਪਿੰਡਾਂ ਦੇ ਸਰਪੰਚ, ਪੰਚ, ਨੰਬਰਦਾਰ ਆਦਿ ਦੀ ਮੀਟਿੰਗ 19 ਸਤੰਬਰ ਨੂੰ ਬਾਅਦ ਦੁਪਹਿਰ 2.30 ਵਜੇ ਖਰੜ-ਚੰਡੀਗੜ ਰੋਡ ’ਤੇ ਸਿਟੀ ਹਾਰਟ ਵਿੱਚ ਸਥਿਤ ਕਟਾਣੀ ਰੈਸਟੋਰੈਂਟ ਵਿੱਚ ਹੋਵੇਗੀ। ਮੀਟਿੰਗ ਹਲਕਾ ਇੰਚਾਰਜ ਖਰੜ ਵਿਜੈ ਸ਼ਰਮਾ ਟਿੰਕੂ ਅਤੇ ਸਿਟੀ ਪ੍ਰਧਾਨ ਦੀਪਕ ਕੌਸ਼ਲ ਦੀ ਅਗਵਾਈ ਹੇਠ ਹੋ ਰਹੀ ਹੈ। ਬਲਾਕ ਪ੍ਰਧਾਨ ਗੁਰਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਕਾਂਗਰਸ ਦੇ ਕੌਮੀ ਸਕੱਤਰ ਮਨੋਜ ਯਾਦਵ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਅਤੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਅਤੇ ਰਵਿੰਦਰ ਸਿੰਘ ਪਾਲੀ ਸਮੂਹ ਵਰਕਰਾਂ ਨਾਲ ਗੱਲਬਾਤ ਕਰਨਗੇ।