ਪ੍ਰਭ ਆਸਰਾ ਵੱਲੋਂ ਹੜ੍ਹਾਂ ਪੀੜਤਾਂ ਸੇਵਾ ਸੰਭਾਲ ਸ਼ੁਰੂ
ਲਵਾਰਿਸ ਅਤੇ ਦਿਵਿਆਂਗਾਂ ਦੀ ਸੇਵਾ ਸੰਭਾਲ ਕਰ ਰਹੀ ਇੱਥੋਂ ਦੀ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਦੀ ਟੀਮ ਨੇ ਇੱਕ ਵਾਰ ਫਿਰ ਸਮਾਜ ਸੇਵਾ ਵਿੱਚ ਅੱਗੇ ਆਉਂਦਆਂ ਪੰਜਾਬ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਹੜ੍ਹ ਪੀੜਤ ਲੋਕਾਂ ਦੀ ਬਾਂਹ ਫੜੀ ਹੈ। ਸੰਸਥਾ ਦੀ ਟੀਮ ਵੱਲੋਂ ਪਾਣੀ ਵਿੱਚ ਫਸੇ ਹੜ੍ਹ ਪੀੜਤਾਂ ਨੂੰ ਬਾਹਰ ਸੁਰੱਖਿਤ ਕੱਢਣ ਤੋਂ ਲੈ ਕੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਵਿੱਚ ਦਿਨ ਰਾਤ ਜੁਟੀ ਹੋਈ ਹੈ।
ਸੰਸਥਾ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਪਡਿਆਲਾ ਦੀ ਅਗਵਾਈ ਵਿੱਚ ਪ੍ਰਭ ਆਸਰਾ ਦੀ ਟੀਮ ਫਿਰੋਜ਼ਪੁਰ ਤੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੰਸਥਾ ਦੀਆਂ ਰਾਹਤ ਕਾਰਜਾਂ ਟੀਮਾਂ ਆਪਣੀਆਂ 3 ਕਿਸ਼ਤੀਆਂ, 2 ਐਂਬੂਲੈਂਸਾਂ, ਪੈਰਾ-ਮੈਡੀਕਲ ਸਟਾਫ਼, ਰਾਸ਼ਨ ਕਿੱਟਾਂ, ਦਵਾਈਆਂ, ਪੀਣ ਵਾਲਾ ਪਾਣੀ ਅਤੇ ਹੋਰ ਐਮਰਜੈਂਸੀ ਸੇਵਾਵਾਂ ਲੋੜਵੰਦਾਂ ਤੱਕ ਪਹੁੰਚਾਉਣ ਲਈ ਲਗਾਤਾਰ ਜੁਟੀਆਂ ਹੋਈਆਂ ਹਨ। ਹੜ੍ਹਾਂ ਦੀ ਸਥਿਤੀ ਬਣਨ ਦੇ ਪਹਿਲੇ ਦਿਨ ਹੀ ਸੰਸਥਾ ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਵਿੱਚ ਪੁੱਜ ਗਈਆਂ ਅਤੇ ਉਸ ਦਿਨ ਤੋਂ ਲਗਾਤਾਰ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ।
ਇਸ ਸਬੰਧੀ ਸੰਸਥਾ ਦੇ ਮੁੱਖੀ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਲੋਕਾਂ ਪਾਣੀ ਵਿੱਚੋਂ ਕੱਢਣ,ਖਾਣ ਪੀਣ ਦੀਆਂ ਵਸਤਾਂ ਮੁਹਈਆ ਕਰਾਉਣ ਅਤੇ ਹੜ੍ਹਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਦੇ ਖਦਸ਼ੇ ਨੂੰ ਦੇਖਦਿਆਂ ਹਰ ਤਰ੍ਹਾਂ ਦਾ ਪ੍ਰਬੰਧ ਸੰਸਥਾ ਵਲੋਂ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸ਼ਮਸ਼ੇਰ ਸਿੰਘ ਪਡਿਆਲਾ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰਾਂ ਨੂੰ ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਦੀ ਅਪੀਲ ਕੀਤੀ ਹੈ।