ਪਾਵਰਕੌਮ ਦੇ ਡਾਇਰੈਕਟਰ (ਜਨਰੇਸ਼ਨ) ਦੀਆਂ ਸੇਵਾਵਾਂ ਖ਼ਤਮ; ਗੰਭੀਰ ਦੁਰਵਿਹਾਰ ਦੇ ਇਲਜ਼ਾਮ
ਸਰਕਾਰ ਦੇ ਕਦਮ ਨੇ ਇੰਜੀਨੀਅਰਾਂ ਦੇ ਦਿਲ ਤੋੜੇ: ਐਸੋਸੀਏਸ਼ਨ
ਪੰਜਾਬ ਸਰਕਾਰ ਨੇ ਅੱਜ ਪਾਵਰਕੌਮ ਦੇ ਡਾਇਰੈਕਟਰ (ਜਨਰੇਸ਼ਨ) ਹਰਜੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਬਿਜਲੀ ਵਿਭਾਗ ਦੇ ਸਕੱਤਰ ਬਸੰਤ ਗਰਗ ਵੱਲੋਂ ਜਾਰੀ ਹੁਕਮਾਂ ’ਚ ਹਰਜੀਤ ਸਿੰਘ ’ਤੇ ਗੰਭੀਰ ਦੁਰਵਿਹਾਰ ਦਾ ਇਲਜ਼ਾਮ ਲਾਇਆ ਗਿਆ ਹੈ।
ਜਾਰੀ ਹੁਕਮਾਂ ਮੁਤਾਬਿਕ ਪਾਵਰਕੌਮ ਦੀ ਆਪਣੀ ਪਛਵਾੜਾ ਕੋਲਾ ਖਾਣ ਦੇ ਬਾਵਜੂਦ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਦੀ ਫਿਊਲ ਕੀਮਤ 0.75 ਪੈਸੇ ਤੋਂ 1.25 ਰੁਪਏ ਪ੍ਰਤੀ ਯੂਨਿਟ ਮਹਿੰਗੀ ਪੈ ਰਹੀ ਹੈ ਜਿਸ ਨਾਲ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਅੱਜ ਬਿਨਾਂ ਕੋਈ ਨੋਟਿਸ ਦਿੱਤੇ ਹਰਜੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ। ਸੂਤਰ ਦੱਸਦੇ ਹਨ ਕਿ ਪਾਵਰਕੌਮ ਦੀਆਂ ਸੰਪਤੀਆਂ ਵੇਚਣ ਦੀ ਚੱਲ ਰਹੀ ਮੁਹਿੰਮ ਅਤੇ ਨਵੇਂ ਬਿਜਲੀ ਸਮਝੌਤਿਆਂ ਨੂੰ ਲੈ ਕੇ ਡਾਇਰੈਕਟਰ (ਜਨਰੇਸ਼ਨ) ਦੇ ਪੰਜਾਬ ਸਰਕਾਰ ਨਾਲ ਸੁਰ ਨਹੀਂ ਮਿਲ ਰਹੇ ਸਨ।
ਪੀਐੱਸਈਬੀ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ (ਜਨਰੇਸ਼ਨ) ਹਰਜੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਜਾਰੀ ਪੱਤਰ ’ਚ ਜੋ ਕਾਰਵਾਈ ਦਾ ਕਾਰਨ ਦੱਸਿਆ ਗਿਆ ਹੈ, ਉਹ ਤਕਨੀਕੀ ਤੌਰ ’ਤੇ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਦੀ ਸਮੁੱਚੀ ਸਰਵਿਸ ਇਮਾਨਦਾਰੀ ਵਾਲੀ ਰਹੀ ਹੈ ਅਤੇ ਉਨ੍ਹਾਂ ਦੀ ਦਿਆਨਤਦਾਰੀ ਕਦੇ ਵੀ ਸ਼ੱਕੀ ਨਹੀਂ ਰਹੀ ਹੈ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਪਾਵਰਕੌਮ ਦੇ ਨਵੇਂ ਸੀਐੱਮਡੀ ਵੱਲੋਂ ਰੋਪੜ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਵੀ ਮੁਅੱਤਲ ਕੀਤਾ ਹੈ।
ਪੀਐੱਸਈਬੀ ਐਸੋਸੀਏਸ਼ਨ ਨੇ ਹਰੀਸ਼ ਸ਼ਰਮਾ ਦੀ ਮੁਅੱਤਲੀ ਦੇ ਮਾਮਲੇ ’ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਲੰਘੇ ਕੱਲ੍ਹ ਮੀਟਿੰਗ ਕੀਤੀ ਸੀ। ਅੱਜ ਹਰਜੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕੀਤੇ ਜਾਣ ਪਾਵਰਕੌਮ ਦੇ ਇੰਜੀਨੀਅਰਜ਼ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਪਿਛਲੇ ਦਿਨੀਂ ਪਾਵਰਕੌਮ ਦੇ ਸੀਐੱਮਡੀ ਦੇ ਵਾਧੂ ਚਾਰਜ ’ਤੇ ਤਾਇਨਾਤ ਰਹੇ ਸੀਨੀਅਰ ਆਈਏਐੱਸ ਅਧਿਕਾਰੀ ਅਜੋਏ ਕੁਮਾਰ ਸਿਨਹਾ ਨੂੰ ਹਟਾ ਦਿੱਤਾ ਅਤੇ ਸਿਨਹਾ ਨੂੰ ਨਵੀਂ ਪੋਸਟਿੰਗ ਵੀ ਨਹੀਂ ਦਿੱਤੀ ਗਈ।

