ਬਿਜਲੀ ਕੰਪਨੀ ਵੱਲੋਂ ਦਰਾਂ ਵਿੱਚ ਸੋਧ ਲਈ ਪਟੀਸ਼ਨ ਦਾਇਰ
ਯੂਟੀ ਵਿੱਚ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਪ੍ਰਾਈਵੇਟ ਲਿਮਟਿਡ (ਸੀਪੀਡੀਐੱਲ) ਨੇ ਸ਼ਹਿਰ ਵਿੱਚ ਕਾਰਜਭਾਰ ਸਾਂਭਣ ਤੋਂ 5 ਮਹੀਨੇ ਬਾਅਦ ਹੀ ਬਿਜਲੀ ਦਰਾਂ ਵਿੱਚ ਸੋਧ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਸੀਪੀਡੀਐਲ ਨੇ ਵਿੱਤੀ ਸਾਲ 2025-26 ਤੋਂ 2029-30 ਲਈ ਕੁੱਲ ਮਾਲੀਆ ਲੋੜਾਂ ਤੇ ਬਿਜਲੀ ਦਰਾਂ ਨੂੰ ਤੈਅ ਕਰਨ ਲਈ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਕੋਲ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਵਿੱਚ ਫਰਮ ਨੇ ਕਿਹਾ ਕਿ ਮੌਜੂਦਾ ਬਿਜਲੀ ਦਰਾਂ ਘੱਟ ਹਨ, ਜਿਸ ਕਰਕੇ ਅਗਲੇ ਪੰਜ ਸਾਲਾਂ ਵਿੱਚ ਬਿਜਲੀ ਖਰੀਦ ਤੇ ਸਪਲਾਈ ਵਿੱਚ 982 ਕਰੋੜ ਰੁਪਏ ਦਾ ਘਾਟਾ ਪੈ ਜਾਵੇਗਾ। ਉਨ੍ਹਾਂ ਕਿਹਾ ਕਿ 2025-26 ਲਈ ਸ਼ੁੱਧ ਮਾਲੀਆ ਲੋੜ 1,157 ਰੁਪਏ ਸੀ ਅਤੇ ਮੌਜੂਦਾ ਦਰ੍ਹਾਂ ਤੋਂ 1,075 ਕਰੋੜ ਰੁਪਏ ਇਕੱਠੇ ਕੀਤੇ ਗਏ ਸਨ। ਇਸ ਤਰ੍ਹਾਂ ਇਸ ਵਿੱਤ ਵਰ੍ਹੇ 81 ਕਰੋੜ ਰੁਪਏ ਦਾ ਮਾਲੀਆ ਘਾਟਾ ਪੈ ਸਕਦਾ ਹੈ। ਇਸੇ ਤਰ੍ਹਾਂ ਆਉਣ ਵਾਲੇ ਸਾਲਾਂ ਵਿੱਚ ਵੀ ਖਰਚਾ ਵੱਧ ਹੈ ਅਤੇ ਬਿਜਲੀ ਸਪਲਾਈ ਤੋਂ ਰੁਪਏ ਘੱਟ ਇਕੱਠੇ ਹੋਣਗੇ। ਪਟੀਸ਼ਨਕਰਤਾ ਨੇ ਕਮਿਸ਼ਨ ਨੂੰ ਵਿੱਤੀ ਸਾਲ 2025-26 ਤੋਂ 2029-30 ਲਈ ਬਿਜਲੀ ਦੀਆਂ ਦਰਾਂ ਵਿੱਚ ਸੋਧ ਦੀ ਮੰਗ ਕੀਤੀ।
ਬਿਜਲੀ ਦਰਾਂ ਬਾਰੇ ਨਵੀਂ ਪੇਸ਼ਕਸ਼
ਸੀਪੀਡੀਐੱਲ ਨੇ ਘਰੇਲੂ ਖਪਤਕਾਰਾਂ ਲਈ ਪਹਿਲੇ 0-100 ਯੂਨਿਟ ਲਈ 2.96 ਰੁਪਏ ਪ੍ਰਤੀ ਯੂਨਿਟ, 100-200 ਲਈ 4.04 ਰੁਪਏ, 200-300 ਲਈ 5.17 ਰੁਪਏ, 300-400 ਲਈ 5.17 ਰੁਪਏ ਅਤੇ 400 ਤੋਂ ਵੱਧ ਵਾਲਿਆਂ ਲਈ 5.92 ਰੁਪਏ ਕੀਮਤ ਤੈਅ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਸੇ ਤਰ੍ਹਾਂ ਵਪਾਰਕ ਲਈ 0-100 ਯੂਨਿਟ ਲਈ 4.15 ਰੁਪਏ, 100-200 ਲਈ 4.31 ਰੁਪਏ ਅਤੇ 200 ਤੋਂ ਵੱਧ ਲਈ 5.39 ਰੁਪਏ ਪ੍ਰਤੀ ਯੂਨਿਟ ਕਰਨ ਦੀ ਮੰਗ ਕੀਤੀ ਹੈ।
ਮੌਜੂਦਾ ਬਿਜਲੀ ਦੀਆਂ ਦਰਾਂ
ਇਸ ਸਮੇਂ ਸ਼ਹਿਰ ਵਿੱਚ ਪਹਿਲੇ 150 ਯੂਨਿਟ ਲਈ ਬਿਜਲੀ ਦੀ ਕੀਮਤ 2.75 ਰੁਪਏ ਪ੍ਰਤੀ ਯੂਨਿਟ, 151-400 ਤੱਕ 4.80 ਰੁਪਏ ਅਤੇ 400 ਤੋਂ ਵੱਧ ਵਾਲਿਆਂ ਲਈ 5.40 ਰੁਪਏ ਪ੍ਰਤੀ ਯੂਨਿਟ ਹੈ।