ਪੋਲਟਰੀ ਫਾਰਮ ਵੱਲੋਂ ਮਾਰਕੀਟ ਕਮੇਟੀ ਤੇ ਰੂਰਲ ਡਿਵੈੱਲਪਮੈਂਟ ਫੰਡ ਦੀ ਚੋਰੀ
ਜ਼ਿਲ੍ਹਾ ਮੰਡੀ ਅਫ਼ਸਰ ਨੇ ਪੋਲਟਰੀ ਫਾਰਮ ਦੇ ਮਾਲਕ ਨੂੰ ਸਵਾ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਾਇਆ
ਚਮਕੌਰ ਸਾਹਿਬ ਦੇ ਇਲਾਕੇ ਵਿੱਚ ਸਥਿਤ ਪੋਲਟਰੀ ਫਾਰਮ ਦੇ ਮਾਲਕਾਂ ਵੱਲੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਦੂਜੇ ਸੂਬਿਆਂ ਤੋਂ ਮੱਕੀ, ਜੌਂ ਅਤੇ ਬਾਜਰਾ ਆਦਿ ਮੰਗਵਾਉਣ ਸਮੇਂ ਵੱਡੇ ਪੱਧਰ ਤੇ ਮਾਰਕੀਟ ਕਮੇਟੀ ਤੇ ਰੂਰਲ ਡਿਵੈਲਪਮੈਂਟ ਫੰਡ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਸਕੱਤਰ ਦੀ ਹਾਜ਼ਰੀ ਵਿੱਚ ਮਾਮਲੇ ਦੀ ਪੜਤਾਲ ਕਰਨ ਉਪਰੰਤ ਪੋਲਟਰੀ ਫਾਰਮ ਦੇ ਮਲਕ ਨੂੰ ਸਵਾ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ ਹੈ ਪਰ ਅਧਿਕਾਰੀਆਂ ਨੇ ਰਾਜਸਥਾਨ ਤੋਂ ਜਿਣਸ ਲੈ ਕੇ ਆਈ ਗੱਡੀ ਜ਼ਬਤ ਨਹੀ ਕੀਤੀ।
ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਬਹਿਰਾਮਪੁਰ ਬੇਟ ਵਿਖੇ ਸਥਿਤ ਮਨਜੀਤ ਪੋਲਟਰੀ ਫਾਰਮ ਦੇ ਮਾਲਕਾਂ ਨੇ ਰਾਜਸਥਾਨ ਤੋਂ ਬਾਜਰਾ ਮੰਗਵਾਇਆ ਸੀ, ਜਿਸ ਉਪਰੰਤ ਤਾਲਿਬ ਨਾਮਕ ਡਰਾਈਵਰ ਗੱਡੀ ਨੰਬਰ ਆਰ ਜੇ -11- ਜੀਸੀ 4727 ਰਾਂਹੀ ਬਾਜਰਾ ਲੈ ਕੇ ਪੋਲਟਰੀ ਫਾਰਮ ’ਤੇ ਪੁੱਜਿਆ ਸੀ। ਇਸ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਮੰਡੀ ਅਫਸਰ ਸੁਰਿੰਦਰਪਾਲ ਸਿੰਘ ਵੱਲੋਂ ਰਾਜਸਥਾਨ ਨੰਬਰ ਟਰੱਕ ਦਾ ਪਿੱਛਾ ਕੀਤਾ ਗਿਆ ਤੇ ਰੋਕ ਕੇ ਪੁੱਛਣ ’ਤੇ ਟਰੱਕ ਡਰਾਈਵਰ ਤਾਲਿਬ ਨੇ ਦੱਸਿਆ ਕਿ ਟਰੱਕ ਵਿੱਚ ਰਾਜਸਥਾਨ ਦੀ ਮਾਲਕ ਖੇੜਾ ਮੰਡੀ ਤੋਂ 29 ਟਨ ਬਾਜਰਾ ਆਇਆ ਸੀ, ਜੋ ਉਸ ਵੱਲੋਂ ਮਨਜੀਤ ਪੋਲਟਰੀ ਫਾਰਮ ਬਹਿਰਾਮਪੁਰ ਬੇਟ ਵਿੱਚ ਉਤਾਰਿਆ ਗਿਆ ਹੈ। ਟਰੱਕ ਡਰਾਈਵਰ ਨੇ ਮੰਡੀ ਅਧਿਕਾਰੀਆ ਨੂੰ ਮੌਕੇ ਤੇ ਬਾਜਰੇ ਦਾ ਬਕਾਇਦਾ ਬਿੱਲ ਵੀ ਦਿਖਾਇਆ ਪਰ ਉਹ ਮਾਰਕੀਟ ਕਮੇਟੀ ਫੀਸ ਤੇ ਰੂਰਲ ਡਿਵੈਲਪਮੈਂਟ ਫੰਡ ਦੀ ਅਦਾਇਗੀ ਸਬੰਧੀ ਕੋਈ ਰਸੀਦ ਨਾ ਦਿਖਾ ਸਕਿਆ।
ਇਸ ਮਗਰੋਂ ਜ਼ਿਲ੍ਹਾ ਮੰਡੀ ਅਫ਼ਸਰ ਨੇ ਕਾਰਵਾਈ ਕਰਦਿਆਂ ਆਪਣੇ ਦਫਤਰ ਦੇ ਕਲਰਕ ਨਾਲ ਪੋਲਟਰੀ ਫਾਰਮ ਬਹਿਰਾਮਪੁਰ ਬੇਟ ਦੇ ਪਿੰਡ ਮਹਿਤੋਤ ਸੜਕ ਦੀ ਪੜਤਾਲ ਕੀਤੀ, ਜਿੱਥੇ ਦੂਜਿਆਂ ਸੂਬਿਆਂ ਤੋਂ ਪੰਜਾਬ ਵਿੱਚ ਭਾਰੀ ਮਾਤਰਾ ਮੰਗਵਾਇਆ ਗਿਆ ਜੌਂ, ਬਾਜਰਾ ਅਤੇ ਮੱਕੀ ਦਾ ਸਟਾਕ ਮਿਲਿਆ।
ਮੰਡੀ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਦੂਜਿਆਂ ਸੂਬਿਆਂ ਤੋਂ ਮੰਗਵਾਈ ਗਈ ਜਿਣਸ ਮੱਕੀ, ਜੌਂ , ਬਾਜਰਾ ਤੇ ਮਾਰਕੀਟ ਫੀਸ ਅਤੇ ਰੂਰਲ ਡਿਵੈਲਪਮੈਂਟ ਫੰਡ ਲੈਣਾ ਬਣਦਾ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦੇ ਨੋਟੀਫਾਈਡ ਏਰੀਏ ਵਿੱਚ ਸਥਿਤ ਪੋਲਟਰੀ ਫਾਰਮ ਵਾਲੇ ਬਿਨਾਂ ਕਿਸੇ ਲਾਈਸੈਂਸ ਤੋਂ ਖਰੀਦੋ ਫਰੋਖਤ ਦਾ ਕਾਰੋਬਾਰ ਨਹੀਂ ਕਰ ਸਕਦੇ। ਇਸ ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ ਸਿੰਘ ਅਤੇ ਕਲਰਕ ਮਨਜੀਤ ਸਿੰਘ ਵੱਲੋਂ ਮਨਜੀਤ ਪੋਲਟਰੀ ਫਾਰਮ ਨੂੰ ਮਾਰਕੀਟ ਫੀਸ ਦੀ ਵਸੂਲੀ ਲਈ ਨੋਟਿਸ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਵੱਲੋਂ ਫੜਿਆ ਲਗਪਗ 600 ਕੁਇੰਟਲ ਬਾਜਰਾ, ਜਿਸ ਦੀ ਕੀਮਤ 12 ਲੱਖ ਤੋਂ ਉੱਤੇ ਬਣਦੀ ਹੈ, ਜਿਸ ਤੇ ਤਿੰਨ ਪ੍ਰਤੀਸ਼ਤ ਦੇ ਹਿਸਾਬ ਨਾਲ 36 ਹਜ਼ਾਰ ਮਾਰਕੀਟ ਫੀਸ ਅਤੇ 36 ਹਜ਼ਾਰ ਆਰਡੀਐਫ ਸਮੇਤ 36 ਹਜ਼ਾਰ ਰੁਪਏ ਬਰਾਬਰ ਦਾ ਜੁਰਮਾਨਾ ਲਾਇਆ। ਇਸੇ ਤਰ੍ਹਾਂ ਲਗਭਗ 100 ਕੁਇੰਟਲ ਮੱਕੀ ਜਿਸ ਦੀ ਕੀਮਤ ਲਗਪਗ ਦੋ ਲੱਖ ਰੁਪਏ ਬਣਦੀ ਹੈ, ਜਿਸ ਤੋਂ ਮਾਰਕੀਟ ਫੀਸ 6 ਹਜ਼ਾਰ ਆਰਡੀਐਫ 6 ਹਜ਼ਾਰ, ਜੁਰਮਾਨਾ 6 ਹਜ਼ਾਰ ਕੁੱਲ 18 ਹਜ਼ਾਰ ਰੁਪਏ ਬਣਦੀ ਬਣਦੀ ਹੈ।
ਜ਼ਿਲ੍ਹਾ ਮੰਡੀ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਪੋਲਟਰੀ ਫਾਰਮ ਤੋਂ ਕੁੱਲ 1,26,000 ਰੁਪਏ ਦੀ ਵਸੂਲੀ ਲਈ ਮਾਰਕੀਟ ਕਮੇਟੀ ਚਮਕੌਰ ਸਾਹਿਬ ਦੇ ਸਕੱਤਰ ਅਰਵਿੰਦ ਸਿੰਘ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਮਾਰਕੀਟ ਕਮੇਟੀ ਦੇ ਸਕੱਤਰ ਅਰਵਿੰਦ ਸਿੰਘ ਨੇ ਦੱਸਿਆ ਕਿ ਉਕਤ ਪੋਲਟਰੀ ਫਾਰਮ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਦੋ ਦਿਨਾਂ ਦੇ ਅੰਦਰ ਫੀਸ ਤੇ ਜੁਰਮਾਨਾ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਗਈ ਹੈ।

