ਚਮਕੌਰ ਸਾਹਿਬ-ਨੀਲੋਂ ਮਾਰਗ ’ਤੇ ਟੋਏ ਬਣੇ ਜਾਨ ਦਾ ਖੌਅ
ਚਮਕੌਰ ਸਾਹਿਬ-ਰੂਪਨਗਰ ਸੜਕ ਦੀ ਹਾਲਤ ਬਦ ਤੋਂ ਬਦਤਰ ਹੋਣ ਕਾਰਨ ਹਾਦਸਿਆਂ ਦਾ ਡਰ ਬਣ ਗਿਆ ਹੈ। ਇਸ ਦੇ ਨਾਲ ਹੀ ਚਮਕੌਰ ਸਾਹਿਬ ਤੋਂ ਨੀਲੋਂ ਮਾਰਗ ਦੀ ਹਾਲਤ ਵੀ ਬਹੁਤ ਮਾੜੀ ਹੋਣ ਕਰਕੇ ਕਈ ਹਾਦਸੇ ਵਾਪਰ ਚੁੱਕੇ ਹਨ। ਚਮਕੌਰ ਸਾਹਿਬ-ਰੂਪਨਗਰ ਸੜਕ ’ਤੇ ਬੰਦ ਪਏ ਟੌਲ ਪਲਾਜ਼ੇ ਕੋਲ ਵੱਡਾ ਟੋਇਆ ਪੈ ਚੁੱਕਾ ਹੈ ਅਤੇ ਇਸ ਸੜਕ ’ਤੇ ਥੀਮ ਪਾਰਕ ਨੇੜੇ ਵੀ ਵੱਡੇ ਟੋਏ ਪੈ ਚੁੱਕੇ ਹਨ। ਜ਼ਿਕਰਯੋਗ ਹੈ ਕਿ ਉਕਤ 12 ਕਿਲੋਮੀਟਰ ਸੜਕ ’ਤੇ ਬਹੁਤਾਤ ਟੋਏ ਪੈਣ ਕਾਰਨ ਜਿੱਥੇ ਰਾਹਗੀਰ ਪ੍ਰੇਸ਼ਾਨ ਹੁੰਦੇ ਹਨ, ਉੱਥੇ ਸੜਕ ਨਿਰਮਾਣ ਕੰਪਨੀ ਅਤੇ ਸਬੰਧਤ ਵਿਭਾਗ ’ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਇਹ ਸੜਕ ਕੁਝ ਸਮਾਂ ਪਹਿਲਾਂ ਹੀ ਬਣੀ ਸੀ, ਜੋ ਕਿ ਥੋੜੀ ਦੇਰ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਵਿਭਾਗ ਵੱਲੋਂ ਸੜਕ ’ਤੇ ਪੈਚ ਵਰਕ ਲਗਾ ਕੇ ਬੁੱਤਾ ਸਾਰ ਦਿੱਤਾ ਗਿਆ। ਹੁਣ ਇਸ ਸੜਕ ’ਤੇ ਪਏ ਟੋਏ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਬਰਸਾਤ ਹੋਣ ਕਾਰਨ ਸੜਕ ਤੇ ਇਨ੍ਹਾਂ ਖੱਡਿਆਂ ਵਿੱਚ ਪਾਣੀ ਭਰ ਜਾਣ ’ਤੇ ਸੜਕ ਦਾ ਪਤਾ ਨਾ ਲੱਗਣ ਕਾਰਨ ਕਈ ਦੋਪਹੀਆ ਵਾਹਨ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਇੱਥੇ ਹੀ ਬਸ ਨਹੀ ਨੀਲੋਂ ਸੜਕ ਦਾ ਵੀ ਇਹੋ ਹਾਲ ਹੈ ਜੋ ਕਿ ਦੋ ਸਾਲਾਂ ਤੋਂ ਮੰਦੀ ਹਾਲਤ ਕਾਰਨ ਸਬੰਧਤ ਵਿਭਾਗ ਨੂੰ ਕੋਸ ਰਹੀ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਕਿਸਾਨ ਆਗੂ ਭਾਈ ਪਰਮਿੰਦਰ ਸਿੰਘ ਸੇਖੋਂ, ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੇੜੀ ਅਤੇ ਜਤਿੰਦਰਪਾਲ ਸਿੰਘ ਜਿੰਦੂ ਨੇ ਦੱਸਿਆ ਕਿ ਉਕਤ ਸੜਕ ਤੋਂ ਇਲਾਵਾ ਚਮਕੌਰ ਸਾਹਿਬ ਤੋਂ ਪਿੰਡ ਸੰਧੂਆਂ, ਪਿੰਡ ਭੂਰੜੇ , ਲੁਠੇੜੀ ਤੋਂ ਪਿੰਡ ਕਾਲੇਮਾਜਰਾ ਅਤੇ ਕਸਬਾ ਬੇਲਾ ਵਿੱਚ ਮੇਨ ਗੇਟ ਕੋਲ ਸਣੇ ਹਲਕੇ ਦੇ ਪਿੰਡਾਂ ਦੀਆਂ ਬਹੁਤਾਤ ਲਿੰਕ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੋ ਕਿ ਥਾਂ-ਥਾਂ ਤੋਂ ਟੁੱਟਣ ਕਾਰਨ ਸਾਈਕਲ ਸਵਾਰ ਵੀ ਨਹੀਂ ਲੰਘ ਸਕਦਾ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਵਿਚਲੀਆਂ ਸੜਕਾਂ ਦੀ ਮੁਰੰਮਤ ਮੌਜੂਦਾ ਸਰਕਾਰ ਵੱਲੋਂ ਹਾਲੇ ਤੱਕ ਕਰਵਾਈ ਹੀ ਨਹੀਂ ਗਈ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਮਕੌਰ ਸਾਹਿਬ-ਨੀਲੋਂ-ਰੂਪਨਗਰ ਸੜਕ ਸਣੇ ਹਲਕੇ ਦੇ ਪਿੰਡਾਂ ਵਿਚਲੀਆਂ ਸੜਕਾਂ ਨੂੰ ਤੁਰੰਤ ਬਣਾਉਣ ਲਈ ਸਬੰਧਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ।