ਮੁੱਖ ਮੰਤਰੀ ਦੇ ਅੰਬਾਲਾ ਪਹੁੰਚਣ ਤੋਂ ਪਹਿਲਾਂ ਸੜਕਾਂ ਦੇ ਟੋਏ ਭਰੇ
ਅਕਸਰ ਹਾਦਸੇ ਦਾ ਕਾਰਨ ਬਣਨ ਵਾਲੇ ਸ਼ਹਿਰ ਦੀਆਂ ਸੜਕਾਂ ਵਿਚ ਪਏ ਟੋਏ ਜਿਨ੍ਹਾਂ ਨੂੰ ਭਰਨ ਲਈ ਜਨਤਾ ਲੰਮੇ ਸਮੇਂ ਤੋਂ ਰੌਲਾ ਪਾ ਰਹੀ ਸੀ ਅਤੇ ਪ੍ਰਸ਼ਾਸਨ ਨੂੰ ਪੱਤਰ ਲਿਖ-ਲਿਖ ਥੱਕ ਗਈ ਸੀ, ਉਹ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਅੰਬਾਲਾ ਦੌਰੇ ਤੋਂ ਪਹਿਲਾਂ ਹੀ ਰਾਤੋ-ਰਾਤ ਭਰ ਦਿੱਤੇ ਗਏ। ਇਸ ਨਾਲ ਲੋਕਾਂ ਵਿੱਚ ਸਪਸ਼ਟ ਸੁਨੇਹਾ ਗਿਆ ਹੈ ਕਿ ਜੇ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਕਰਵਾਉਣੀ ਹੈ ਤਾਂ ਮੁੱਖ ਮੰਤਰੀ ਨੂੰ ਬੁਲਾਉਣਾ ਪਵੇਗਾ। ਮੁੱਖ ਮੰਤਰੀ ਨੇ ਅੱਜ ਅੰਬਾਲਾ ਦੇ ਬੱਸ ਸਟੈਂਡ ਦੀ ਪਾਰਕਿੰਗ ਦਾ ਉਦਘਾਟਨ ਕਰਨਾ ਸੀ। ਸਭ ਤੋਂ ਪਹਿਲਾਂ ਮੁੱਖ ਮੰਤਰੀ ਦੇ ਆਉਣ ਵਾਲੇ ਰਸਤੇ ਤੋਂ ਫੇਰੀ ਵਾਲੇ ਅਤੇ ਨਾਜਾਇਜ਼ ਕਬਜ਼ੇ ਹਟਾਏ ਗਏ ਅਤੇ ਕਈ ਮਹੀਨਿਆਂ ਤੋਂ ਮੁਰੰਮਤ ਦੀ ਉਡੀਕ ਕਰ ਰਹੀਆਂ ਸੜਕਾਂ ਠੀਕ ਕਰ ਦਿੱਤੀਆਂ ਗਈਆਂ। ਪ੍ਰਸ਼ਾਸਨ ਨੇ ਅਨਾਜ ਮੰਡੀ ਵੱਲ ਜਾਣ ਵਾਲੀ ਸੜਕ ‘ਤੇ ਪਏ ਕੂੜੇ ਦੇ ਢੇਰਾਂ ਨੂੰ ਤੰਬੂ ਲਗਾ ਕੇ ਮੁੱਖ ਮੰਤਰੀ ਦੀਆਂ ਨਜ਼ਰਾਂ ਤੋਂ ਛੁਪਾ ਦਿੱਤਾ। ਸਮਾਜ ਸੇਵੀ ਰਵਿੰਦਰ ਰਿੰਕੂ ਪਰਜਾਪਤੀ ਨੇ ਦੋਸ਼ ਲਾਇਆ ਕਿ ਸਿਰਫ਼ ਉਸੇ ਮਾਰਗ ’ਤੇ ਟੋਏ ਭਰੇ ਹਨ ਜਿੱਥੋਂ ਮੁੱਖ ਮੰਤਰੀ ਨੇ ਲੰਘਣਾ ਹੈ। ਬਾਕੀ ਥਾਵਾਂ ’ਤੇ ਇਹੋ ਹਾਲ ਹੈ।