ਟੈਕਸੀ ਸਟੈਂਡਾਂ ਦੇ ਅਲਾਟਮੈਂਟ ਪੱਤਰ ਵੰਡਣ ’ਤੇ ਸਿਆਸਤ
ਮੁਹਾਲੀ ਸ਼ਹਿਰ ਵਿਚ ਨਵੇਂ ਰੈਗੂਲਰ ਕੀਤੇ 12 ਟੈਕਸੀ ਸਟੈਂਡਾਂ ਉੱਤੇ ਸਿਆਸਤ ਗਰਮਾ ਗਈ ਹੈ। ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਪਹਿਲਾਂ ਸ਼ਹਿਰ ਦੇ 12 ਟੈਕਸੀ ਸਟੈਂਡਾਂ ਨੂੰ ਰੈਗੂਲਰ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਲਾਇਸੈਂਸ ਵੰਡਣ ਦੀ ਜਾਣਕਾਰੀ ਦਿੱਤੀ ਸੀ ਤੇ ਇਨ੍ਹਾਂ ਟੈਕਸੀ ਸਟੈਂਡਾਂ ਦੇ ਲਾਭਪਾਤਰੀਆਂ ਨੂੰ ਲਾਇਸੈਂਸ ਵੰਡਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਇਨ੍ਹਾਂ ਨਵੇਂ ਰੈਗੂਲਰ ਹੋਏ ਟੈਕਸੀ ਸਟੈਂਡਾਂ ਤੋਂ ਇੱਕ ਲੱਖ ਤੋਂ ਵੱਧ ਦੀ ਸਾਲਾਨਾ ਫ਼ੀਸ ਨਿਗਮ ਕੋਲ ਆਉਣ ਦੀ ਵੀ ਜਾਣਕਾਰੀ ਦਿੱਤੀ ਸੀ। ਇਸ ਮਾਮਲੇ ਸਬੰਧੀ ਅੱਜ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ 79 ਵਿਖੇ ਟੈਕਸੀ ਸਟੈਂਡਾਂ ਦੇ 12 ਬਿਨੈਕਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਨਿਗਮ ਦੇ ਕਮਿਸ਼ਨਰ ਪਰਮਿੰਦਰਪਾਲ ਸਿੰਘ, ਚੀਫ਼ ਇੰਜਨੀਅਰ ਨਰੇਸ਼ ਕੁਮਾਰ ਬੱਤਾ, ਟੈਕਸੀ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਹਾਜ਼ਰ ਸਨ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ 24 ਟੈਕਸੀ ਸਟੈਂਡ ਅਲਾਟੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੀ ਜਾਣੇ ਹਨ, ਅੱਜ 12 ਬਿਨੈਕਾਰਾਂ ਨੂੰ ਅਲਾਟਮੈਂਟ ਪੱਤਰ ਜਾਰੀ ਕੀਤੇ ਗਏ ਹਨ, ਬਾਕੀ ਰਹਿੰਦੇ 12 ਅਲਾਟੀਆਂ ਵਿੱਚੋਂ 3 ਦੇ ਦਸਤਾਵੇਜ਼ ਵੈਰੀਫਿਕੇਸ਼ਨ ਲਈ ਗਏ ਹਨ ਅਤੇ 9 ਦੇ ਦਸਤਾਵੇਜ਼ ਅਤੇ ਹੋਰ ਲੋੜੀਂਦੀਆਂ ਸ਼ਰਤਾਂ ਪੂਰੀਆਂ ਹੋਣ ਉਪਰੰਤ ਉਨ੍ਹਾਂ ਨੂੰ ਜਲਦ ਹੀ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਅਲਾਟੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਬਾਕੀ ਦੇ ਰਹਿੰਦੇ ਬਿਨੈਕਾਰ ਜਲਦ ਆਪਣੇ ਦਸਤਾਵੇਜ਼ ਅਤੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਤਾਂ ਜੋ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਅਲਾਟਮੈਂਟ ਪੱਤਰ ਜਾਰੀ ਕੀਤੇ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਰਕਾਰ ਦੇ ਰੈਵਨਿਊ ਵਿੱਚ ਵੀ ਵਾਧਾ ਹੋਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਵੀ ਟੈਕਸੀ ਕਿਰਾਏ ਤੇ ਲੈਣ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।