ਸਰਹਿੰਦ ਨਹਿਰ ਪੁਲ 'ਤੇ ਬਲੈਰੋ ਗੱਡੀ ਦੇ ਪਲਟਣ ਕਾਰਨ ਪੁਲੀਸ ਮੁਲਾਜ਼ਮ ਗੰਭੀਰ ਜ਼ਖ਼ਮੀ
ਸਰਹਿੰਦ ਨਹਿਰ ਪੁਲ 'ਤੇ ਬਲੈਰੋ ਗੱਡੀ ਦੇ ਪਲਟਣ ਕਾਰਨ ਹਾਦਸਾ ਵਾਪਰਿਆ ਹੈ, ਜਿਸ ਵਿੱਚ ਕਾਰ ਸਵਾਰ ਪੁਲੀਸ ਚੌਕੀ ਬੇਲਾ ਦਾ ਇੰਚਾਰਜ ਏਐੱਸਆਈ ਨਰਿੰਦਰਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਹੈ। ਏਐੱਸਆਈ ਨੁੂੰ ਰਾਹਗੀਰਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ।
ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸਰਕਾਰੀ ਸਿਵਲ ਹਸਪਤਾਲ ਫੇਜ਼ 6 ਮੁਹਾਲੀ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੁਲੀਸ ਚੌਕੀ ਬੇਲਾ ਦੇ ਇੰਚਾਰਜ ਏਐੱਸਆਈ ਨਰਿੰਦਰਪਾਲ ਸਿੰਘ ਬਲੈਰੋ ਗੱਡੀ (PB87A -3172) ਨੂੰ ਖੁਦ ਚਲਾ ਕੇ ਕਿਸੇ ਵਿਭਾਗੀ ਕੰਮ ਲਈ ਬੇਲਾ ਤੋਂ ਚਮਕੌਰ ਸਾਹਿਬ ਥਾਣੇ ਆ ਰਿਹਾ ਸੀ ਕਿ ਅਚਾਨਕ ਰਸਤੇ ਵਿੱਚ ਸਰਹਿੰਦ ਨਹਿਰ ਦੇ ਪੁਲ ਕੋਲ ਇੱਕ ਮੋੜ 'ਤੇ ਗੱਡੀ ਦਾ ਸੰਤੁਲਨ ਵਿਗੜ ਗਿਆ। ਇਸ ਕਾਰਨ ਗੱਡੀ ਸੜਕ ਕਿਨਾਰੇ ਇੱਕ ਦਰਖ਼ਤ ਨਾਲ ਟਕਰਾ ਕੇ ਪਲਟ ਗਈ ਅਤੇ ਏਐਸਆਈ ਜ਼ਖ਼ਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਤੁਰੰਤ ਇੱਥੇ ਪਹੁੰਚੀ ਅਤੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਵੱਲੋਂ ਏਐਸਆਈ ਨਰਿੰਦਰਪਾਲ ਸਿੰਘ ਨੂੰ ਇਲਾਜ ਲਈ ਇੱਥੋਂ ਦੇ ਸਰਕਾਰੀ ਸਿਵਲ ਹਸਪਤਾਲ ਲਿਆਂਦਾ ਗਿਆ।
ਫਿਲਹਾਲ ਏਐੱਸਆਈ ਨਰਿੰਦਰਪਾਲ ਸਿੰਘ ਮੁਹਾਲੀ ਦੇ ਫੇਜ਼ 6 ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।
ਹੋਰ ਖ਼ਬਰਾਂ ਪੜ੍ਹੋ: ਪਿੰਡ ਅੰਦਰ ਵਿਆਹ ਦਾ ਮਾਮਲਾ: ਪੰਚਾਇਤਾਂ ਵੱਲੋਂ ਮੁਕੰਮਲ ਪਾਬੰਦੀ ਦੀ ਮੰਗ