4 cops suspended: ਹਿਮਾਚਲ ਪ੍ਰਦੇਸ਼ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਣ ਮਗਰੋਂ ਇੱਕ ਸਬ-ਇੰਸਪੈਕਟਰ ਸਮੇਤ ਚਾਰ ਪੁਲੀਸ ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ। ਵੀਡੀਓ ਵਿੱਚ ਪੁਲੀਸ ਮੁਲਾਜ਼ਮ ਕਥਿਤ ਸ਼ਰਾਬ ਖ਼ਰੀਦਦੇ ਅਤੇ ਸਰਕਾਰੀ ਵਾਹਨ ਵਿੱਚ ਰੱਖਦੇ ਨਜ਼ਰ ਆ ਰਹੇ ਸਨ। ਪੁਲੀਸ ਸੂਤਰਾਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਵੀਡੀਓ ਦੇ ਪ੍ਰਮਾਣਿਕ ਪਾਏ ਜਾਣ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। ਵਿਭਾਗੀ ਜਾਂਚ ਦੇ ਵੀ ਆਦੇਸ਼ ਦਿੱਤੇ ਗਏ ਹਨ।
ਪੁਲੀਸ ਮੁਲਾਜ਼ਮ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਚੰਡੀਗੜ੍ਹ ਲੈ ਕੇ ਗਏ ਸਨ। ਮੁੱਖ ਮੰਤਰੀ ਦਿੱਲੀ ਲਈ ਰਵਾਨਾ ਹੋ ਗਏ, ਜਦੋਂਕਿ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਮੁਲਾਜ਼ਮ ਹਿਮਾਚਲ ਪਰਤ ਗਏ। ਇਸ ਦੌਰਾਨ ਉਹ ਚੰਡੀਗੜ੍ਹ ਵਿੱਚ ਠੇਕੇ ’ਤੇ ਰੁਕੇ, ਜਿੱਥੇ ਉਨ੍ਹਾਂ ਨੂੰ ਵਰਦੀ ਵਿੱਚ ਸ਼ਰਾਬ ਖਰੀਦਦੇ ਦੇਖਿਆ ਗਿਆ। ਦੋ ਮਿੰਟ ਤੋਂ ਵੱਧ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ।
ਇਸ ਵੀਡੀਓ ਵਿੱਚ ਠੇਕੇ ਦਾ ਇੱਕ ਕਰਮਚਾਰੀ ਪੁਲੀਸ ਮੁਲਾਜ਼ਮਾਂ ਦੇ ਨਿਰਦੇਸ਼ਾਂ ’ਤੇ ਵਾਹਨਾਂ ਵਿੱਚ ਸ਼ਰਾਬ ਦੀਆਂ ਪੇਟੀਆਂ ਰੱਖਦਾ ਦਿਖਾਈ ਦੇ ਰਿਹਾ ਹੈ। ਸ਼ਰਾਬ ਦੀਆਂ ਪੇਟੀਆਂ ਇੱਕ ਕਾਲੇ ਰੰਗ ਦੀ ਸਕਾਰਪੀਓ ਪੁਲੀਸ ਵਾਹਨ ਵਿੱਚ ਰਖਵਾਉਂਦੇ ਪੁਲੀਸ ਮੁਲਾਜ਼ਮਾਂ ਦੀ ਇਹ ਹਰਕਮ ਕਿਸੇ ਨੇ ਕੈਮਰੇ ਵਿੱਚ ਰਿਕਾਰਡ ਕਰ ਲਈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਇਹ ਵੀਡੀਓ ਕਲਿੱਪ ਕੁੱਝ ਹੀ ਮਿੰਟਾਂ ਵਿੱਚ ਵਾਇਰਲ ਹੋ ਗਈ। ਇਸ ਕਲਿੱਪ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਦਾ ਧਿਆਨ ਖਿੱਚਿਆ, ਜਿਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ।