ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲੀਸ ਨੇ ਤਲਾਸ਼ੀ ਮੁਹਿੰਮ ਵਿੱਢੀ
ਆਤਿਸ਼ ਗੁਪਤਾ
ਚੰਡੀਗੜ੍ਹ, 11 ਜੁਲਾਈ
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਚੰਡੀਗੜ੍ਹ ਪੁਲੀਸ ਮੁਸਤੈਦ ਹੋ ਗਈ ਹੈ। ਸ਼ਹਿਰ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਅੱਜ ਚੰਡੀਗੜ੍ਹ ਪੁਲੀਸ ਦੇ 125 ਤੋਂ ਵੱਧ ਮੁਲਾਜ਼ਮਾਂ ਵੱਲੋਂ ਥਾਣਾ ਮਲੋਆ ਅਧੀਨ ਪੈਂਦੀ ਡੱਡੂਮਾਜਰਾ ਕਲੋਨੀ ਤੇ ਈਡਬਲਿਊਐੱਸ ਕਲੋਨੀ ਤੇ ਥਾਣਾ ਸੈਕਟਰ-26 ਅਧੀਨ ਆਉਂਦੀ ਬਾਪੂ ਧਾਮ ਕਲੋਨੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਨ੍ਹਾਂ ਇਲਾਕਿਆਂ ਵਿੱਚ ਪੁਲੀਸ ਨੇ ਸਵੇਰੇ 5 ਵਜੇ ਹੀ 20 ਥਾਵਾਂ ’ਤੇ ਨਾਕਾਬੰਦੀ ਕਰ ਦਿੱਤੀ। ਪੁਲੀਸ ਨੇ ਵੱਖ-ਵੱਖ ਇਲਾਕਿਆਂ ’ਚੇ ਸਥਿਤ 1580 ਘਰਾਂ ਦੀ ਤਲਾਸ਼ੀ ਲਈ। ਇਸ ਦੌਰਾਨ ਥਾਣਾ ਮਲੋਆ ਤੇ ਥਾਣਾ ਸੈਕਟਰ-26 ਦੀ ਪੁਲੀਸ ਨੇ 200 ਦੇ ਕਰੀਬ ਅਪਰਾਧਕ ਪਿਛੋਕੜ ਵਾਲੇ ਤੇ ਸ਼ੱਕੀ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ, ਜਿਨ੍ਹਾਂ ਨੂੰ ਪੁਲੀਸ ਨੇ ਥਾਣੇ ਬੁਲਾ ਕੇ ਪੁੱਛ ਪੜਤਾਲ ਕੀਤੀ। ਸਰਚ ਅਪ੍ਰੈਸ਼ਨ ਦੌਰਾਨ ਪੁਲੀਸ ਨੇ ਦੋਵਾਂ ਇਲਾਕਿਆਂ ਵਿੱਚ 170 ਵਾਹਨਾਂ ਦੀ ਤਲਾਸ਼ੀ ਲਈ, ਜਿਸ ਵਿੱਚੋਂ ਇਕ ਦਰਜਨ ਵਾਹਨਾਂ ਦੇ ਚਾਲਾਨ ਕੱਟੇ ਗਏ। ਪੁਲੀਸ ਨੇ 40 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, ਜਿਨ੍ਹਾਂ ਨੂੰ ਬਾਅਦ ਵਿੱਚ ਪੁੱਛ ਪੜਤਾਲ ਕਰਕੇ ਛੱਡ ਦਿੱਤਾ ਹੈ। ਚੰਡੀਗੜ੍ਹ ਪੁਲੀਸ ਵੱਲੋਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਹਿਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਲੰਘੀ ਰਾਤ ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਵੀ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਪੁਲੀਸ ਨਾਕਿਆਂ ਦਾ ਜਾਂਚ ਕੀਤੀ। ਪੁਲੀਸ ਦੀ ਪੀਸੀਆਰ ਟੀਮ ਨੇ ਵੀ ਸ਼ਹਿਰ ਵਿੱਚ ਗਸ਼ਤ ਵਧਾ ਦਿੱਤੀ ਹੈ। ਪੁਲੀਸ ਬੁਲਾਰੇ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਘਰ ਦੇ ਆਲੇ-ਦੁਆਲੇ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦੇਵੇ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ।
ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲੇ 21 ਗ੍ਰਿਫ਼ਤਾਰ
ਚੰਡੀਗੜ੍ਹ ਪੁਲੀਸ ਨੇ ਲੰਘੀ ਰਾਤ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕੇ ਲਾਏ ਅਤੇ ਮਾਰਕੀਟਾਂ ਵਿੱਚ ਚੈਕਿੰਗ ਕੀਤੀ। ਇਸ ਦੌਰਾਨ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲੇ 21 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਰੁੱਧ 18 ਪੁਲੀਸ ਕੇਸ ਦਰਜ ਕੀਤੇ ਹਨ। ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਪੁਲੀਸ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਸ਼ਹਿਰ ਵਿੱਚ ਅਚਾਨਕ ਚੈਕਿੰਗ ਕੀਤੀ ਜਾਵੇਗੀ। ਇਸ ਦੌਰਾਨ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲੇ ਜਾਂ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।