ਪੁਲੀਸ ਨੇ ਆਰਐੱਸਐੱਸ ਦਫ਼ਤਰ ਦੀ ਸੁਰੱਖਿਆ ਵਧਾਈ
ਇਥੋਂ ਦੇ ਸੈਕਟਰ-18 ਵਿੱਚ ਅੱਜ ਸਵੇਰੇ ਚੰਡੀਗੜ੍ਹ ਪੁਲੀਸ ਨੇ ਸੈਕਟਰ-18 ਵਿੱਚ ਸਥਿਤ ਰਾਸ਼ਟਰੀ ਸਵੈਯਮ ਸੇਵਕ ਸੰਘ (ਆਰਐੱਸਐੱਸ) ਦੇ ਦਫ਼ਤਰ ਵਿੱਚ ਅਚਾਨਕ ਸੁਰੱਖਿਆ ਵਧਾ ਦਿੱਤੀ। ਇਸ ਦੌਰਾਨ ਪੁਲੀਸ ਨੇ ਆਰਐੱਸਐੱਸ ਦਫ਼ਤਰ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ ਬੈਰੀਕੇਟ ਲਗਾ ਦਿੱਤੇ ਗਏ ਅਤੇ ਲੋਕਾਂ ਦੀ ਚੈਕਿੰਗ ਕਰਨ ਉਪਰੰਤ ਹੀ ਅੰਦਰ ਜਾਣ ਦਿੱਤਾ। ਪੁਲੀਸ ਨੇ ਆਰਐੱਸਐੱਸ ਦਫ਼ਤਰ ਦੇ ਆਲੇ-ਦੁਆਲੇ ਇਲਾਕੇ ਦੀ ਵੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਆਰਐੱਸਐੱਸ ਦਫ਼ਤਰ ਦੇ ਅੰਦਰ ਜਾਣ ਵਾਲਿਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਸੀ। ਹਾਲਾਂਕਿ ਪੁਲੀਸ ਵੱਲੋਂ ਇਸ ਬਾਰੇ ਕੁਝ ਵੀ ਕਹਿਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ, ਪਰ ਪੁਲੀਸ ਵੱਲੋਂ ਕੀਤੀ ਗਈ ਸਖਤੀ ਤੋਂ ਮਾਮਲਾ ਕੁਝ ਗੰਭੀਰ ਸੰਮਝਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਆਰਐੱਸਐੱਸ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ ਸੀ। ਇਸ ਤੋਂ ਬਾਅਦ ਹੀ ਪੁਲੀਸ ਨੇ ਸੁਰੱਖਿਆ ਵਧਾਈ ਹੈ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੀ ਐੱਸਐੱਸਪੀ ਕੰਵਰਜੀਤ ਕੌਰ, ਐੱਸਪੀ, ਡੀਐੱਸਪੀ ਤੇ ਹੋਰ ਸੀਨੀਅਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਸਨ। ਜਿਨ੍ਹਾਂ ਨੇ ਆਰਐੱਸਐੱਸ ਦੇ ਆਗੂਆਂ ਨਾਲ ਮੀਟਿੰਗ ਕੀਤੀ ਹੈ। ਹਾਲਾਂਕਿ ਇਸ ਬਾਰੇ ਆਰਐੱਸਐੱਸ ਦਫ਼ਤਰ ਵਿੱਚ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸਮੇਂ-ਸਮੇਂ ’ਤੇ ਚੌਕਸੀ ਵਧਾਈ ਜਾਂਦੀ ਹੈ। ਇਹ ਉਸੇ ਦਾ ਹਿੱਸਾ ਹੋ ਸਕਦਾ ਹੈ। ਦੂਜੇ ਪਾਸੇ ਥਾਣਾ ਸੈਕਟਰ-19 ਦੇ ਐੱਸਐੱਚਓ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਕੁਝ ਦੱਸਣ ਤੋਂ ਗੁਰੇਜ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਉਹ ਧਮਕੀ ਹਾਈਕੋਰਟ ਦੇ ਰਜਿਸਟਰਾਰ ਨੂੰ ਈ-ਮੇਲ ਰਾਹੀ ਦਿੱਤੀ ਗਈ ਹੈ। ਉਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਨੇ ਹਾਈ ਕੋਰਟ ਦੀ ਚੈਕਿੰਗ ਕੀਤੀ ਸੀ, ਪਰ ਪੁਲੀਸ ਨੂੰ ਕੁਝ ਨਹੀਂ ਮਿਲਿਆ ਸੀ।