ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜੂਨ
ਕਮਾਂਡੋ ਟ੍ਰੇਨਿੰਗ ਕੰਪਲੈਕਸ ਬਹਾਦਰਗੜ੍ਹ ਵਿੱਚ ਰਹਿੰਦੇ ਏਐੱਸਆਈ ਦੀ ਸਰਕਾਰੀ ਰਿਵਾਲਵਰ ਦੀ ਗੋਲੀ ਵੱਜਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (41) ਵਾਸੀ ਪਿੰਡ ਕੁੰਡਲ ਨੇੜੇ ਅਬੋਹਰ ਵਜੋਂ ਹੋਈ ਹੈ। ਉਹ ਇਨ੍ਹੀਂ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਉਰਿਟੀ ਵਿਚਲੇ ਸਪੈਸ਼ਲ ਓਪਰੇਸ਼ਨ ਗਰੁੱਪ (ਐੱਸਓਜੀ) ਵਿੱਚ ਡੈਪੂਟੇਸ਼ਨ ’ਤੇ ਤਾਇਨਾਤ ਸੀ ਤੇ ਉਸ ਦਾ ਬੈਲਟ ਨੰਬਰ 3439 (ਫਸਟ ਕਮਾਂਡੋ ਬਟਾਲੀਅਨ ਪੀਏਪੀ) ਸੀ। ਉਸ ਦੇ ਕੁਆਰਟਰ ਦਾ ਨੰਬਰ 11 ਐਚ ਹੈ।
ਮਨਪ੍ਰੀਤ ਇਹ ਕਹਿ ਕੇ ਆ ਗਿਆ ਸੀ ਕਿ ਉਹ ਰੈਸਟ ’ਤੇ ਪਿੰਡ ਜਾਵੇਗਾ। ਪ੍ਰੰਤੂ ਪਿੰਡ ਜਾਣ ਦੀ ਬਜਾਏ ਉਹ ਬਹਾਦਰਗੜ੍ਹ ਕਮਾਂਡੋ ਕੰਪਲੈਕਸ ਵਿੱਚ ਮਿਲੇ ਆਪਣੇ ਕੁਆਰਟਰ ਵਿੱਚ ਚਲਾ ਗਿਆ, ਜਿੱਥੇ ਕੱਲ੍ਹ ਸ਼ਾਮੀਂ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਉਹ ਦੋ ਧੀਆਂ ਦਾ ਪਿਓ ਸੀ। ਉਸ ਦੀ ਜੱਦੀ ਪੁਸ਼ਤੀ ਦੋ ਕਿੱਲੇ ਜ਼ਮੀਨ ਵੀ ਪਿਛਲੇ ਸਾਲ ਵਿਕ ਗਈ ਸੀ। ਸੂਤਰਾਂ ਮੁਤਾਬਕ ਉਹ ਮਾਨਸਿਕ ਤਣਾਅ ਵਿੱਚ ਸੀ। ਕੁਝ ਇਸ ਨੂੰ ਖੁਦਕੁਸ਼ੀ ਦੀ ਘਟਨਾ ਦੱਸ ਰਹੇ ਹਨ ਜਦੋਂਕਿ ਪੁਲੀਸ ਨੇ ਇਸ ਨੂੰ ਅਚਾਨਕ ਵਾਪਰੀ ਘਟਨਾ ਦੱਸਿਆ ਹੈ। ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਚਹਿਲ ਨੇ ਕਿਹਾ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਮਾਮਲਾ ਅਚਾਨਕ ਵਾਪਰੀ ਘਟਨਾ ਵਜੋਂ ਸਾਹਮਣੇ ਆਇਆ ਹੈ। ਬਾਕੀ ਪੁਲੀਸ ਜਾਂਚ ਕਰ ਰਹੀ ਹੈ। ਉਹ ਇਸ ਕੁਆਟਰ ਵਿੱਚ ਇਕੱਲਾ ਹੀ ਰਹਿ ਰਿਹਾ ਸੀ।