ਭੁੱਖ ਹੜਤਾਲ ’ਤੇ ਬੈਠੇ ਆਗੂ ਨੂੰ ਚੁੱਕਣ ਪੁੱਜੀ ਪੁਲੀਸ
ਵਿਦਿਆਰਥੀਆਂ ਨੇ ‘ਚੰਡੀਗੜ੍ਹ ਪੁਲੀਸ ਗੋ ਬੈਕ’ ਦੇ ਨਾਅਰੇ ਲਾਏ; ਵੀ ਸੀ ਦਫ਼ਤਰ ਅੱਗੇ ਧਰਨਾ
ਪੰਜਾਬ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਫਤਰ ਦੇ ਅੱਗੇ ਲਗਾਤਾਰ ਭੁੱਖ ਹੜਤਾਲ ’ਤੇ ਬੈਠੇ ਵਿਦਿਆਰਥੀ ਕੌਂਸਲ ਦੇ ਸਕੱਤਰ ਅਭਿਸ਼ੇਕ ਡਾਗਰ ਨੂੰ ਅੱਜ ਦੇਰ ਰਾਤ ਚੰਡੀਗੜ੍ਹ ਪੁਲੀਸ ਚੁੱਕਣ ਲਈ ਪਹੁੰਚ ਗਈ। ਹੜਤਾਲੀ ਕੈਂਪ ਵਿੱਚ ਜਿਉਂ ਹੀ ਚੰਡੀਗੜ੍ਹ ਪੁਲੀਸ ਅਤੇ ਪੀ ਯੂ ਦਾ ਸਕਿਉਰਿਟੀ ਸਟਾਫ ਪਹੁੰਚਿਆ ਤਾਂ ਵਿਦਿਆਰਥੀਆਂ ਦੀ ਭੀੜ ਵੀ ਇਕੱਠੀ ਹੋ ਗਈ, ਜਿਨ੍ਹਾਂ ਨੇ ਚੰਡੀਗੜ੍ਹ ਪੁਲੀਸ ਗੋ-ਬੈਕ ਦੇ ਨਾਅਰੇ ਲਾਏ ਅਤੇ ਪੀ ਯੂ ਅਥਾਰਿਟੀ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨੇ ਬੈਰੀਕੇਡ ਲਗਾ ਕੇ ਅਭਿਸ਼ੇਕ ਡਾਗਰ ਨੂੰ ਲਿਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪੁਲੀਸ ਨਾਲ ਵਿਦਿਆਰਥੀਆਂ ਦੀ ਬਹਿਸ ਵੀ ਹੋਈ।
ਹਾਲਾਂਕਿ ਪੁਲੀਸ ਅਧਿਕਾਰੀਆਂ ਮੁਤਾਬਕ ਉਹ ਡਾਗਰ ਨੂੰ ਮੈਡੀਕਲ ਸਹਾਇਤਾ ਦੇਣ ਲਈ ਆਏ ਹਨ ਪਰ ਵਿਦਿਆਰਥੀ ਕਹਿ ਰਹੇ ਸੀ ਕਿ ਪੀ ਯੂ ਅਥਾਰਿਟੀ ਪੁਲੀਸ ਦੇ ਜ਼ੋਰ ’ਤੇ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਦਫ਼ਤਰ ਅੱਗੇ ਐਫੀਡੈਵਿਟ ਵਿਰੋਧੀ ਫਰੰਟ ਵੱਲੋਂ ਅਣਮਿਥੇ ਸਮੇਂ ਲਈ ਸ਼ੁਰੂ ਕੀਤੇ ਗਏ ਧਰਨੇ ਵਿੱਚ ਅਤੇ ਵਿਦਿਆਰਥੀ ਕੌਂਸਲ ਦੇ ਸਕੱਤਰ ਅਭਿਸ਼ੇਕ ਡਾਗਰ ਵੱਲੋਂ ਸੈਨੇਟ ਬਚਾਉਣ ਅਤੇ ਐਫੀਡੈਵਿਟ ਖ਼ਿਲਾਫ਼ ਪਿਛਲੇ ਪੰਜ ਦਿਨਾਂ ਤੋਂ ਸ਼ੁਰੂ ਕੀਤੀ ਗਈ ਲਗਾਤਾਰ ਭੁੱਖ ਹੜਤਾਲ ਵਿੱਚ ਅੱਜ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚ ਐੱਸ ਲੱਕੀ ਨੇ ਸ਼ਿਰਕਤ ਕੀਤੀ।
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਵੀ ਅਣਮਿਥੇ ਸਮੇਂ ਲਈ ਚੱਲ ਰਹੇ ਧਰਨੇ ਵਿੱਚ ਸ਼ਿਰਕਤ ਕੀਤੀ। ਕੰਗ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਖ਼ੁਦ ਵਿਦਿਆਰਥੀ ਆਗੂ ਰਹਿ ਚੁੱਕੇ ਹਨ ਅਤੇ ਹੁਣ ’ਵਰਸਿਟੀ ਵਿੱਚ ਅਥਾਰਿਟੀ ਤੇ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਲੈ ਕੇ ਵੀ ਵਿਦਿਆਰਥੀਆਂ ਦੇ ਹਿੱਤ ਵਿੱਚ ਖੜ੍ਹਨਗੇ।

