ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਣੀ ਦੀ ਨਿਕਾਸੀ ਲਾਈਨ ਨਾ ਜੋੜੇ ਕਾਰਨ ਪਾਈਪ ਟੁੱਟੇ ਤੇ ਸੜਕ ਨੁਕਸਾਨੀ

ਕਰਮਜੀਤ ਸਿੰਘ ਚਿੱਲਾ ਐੱਸਏਐੱਸ ਨਗਰ(ਮੁਹਾਲੀ), 29 ਜੂਨ ਮੁਹਾਲੀ ਦੇ ਕਈ ਸੈਕਟਰਾਂ ਦੇ ਪਾਣੀ ਦੇ ਨਿਕਾਸ ਲਈ ਸੈਕਟਰ-100 ਤੇ 104 ਦੀ ਡਿਵਾਈਡਰ ਰੋਡ ਵਿੱਚ ਵਿਛਾਈ ਪਾਈਪਲਾਈਨ ਨੂੰ ਰੇਲਵੇ ਲਾਈਨ ਦੇ ਥੱਲਿਉਂ ਦੂਜੇ ਪਾਸੇ ਵਾਲੀ ਲਾਈਨ ਨਾਲ ਨਾ ਜੋੜੇ ਜਾਣ ਕਾਰਨ ਪਾਣੀ...
Advertisement

ਕਰਮਜੀਤ ਸਿੰਘ ਚਿੱਲਾ

ਐੱਸਏਐੱਸ ਨਗਰ(ਮੁਹਾਲੀ), 29 ਜੂਨ

Advertisement

ਮੁਹਾਲੀ ਦੇ ਕਈ ਸੈਕਟਰਾਂ ਦੇ ਪਾਣੀ ਦੇ ਨਿਕਾਸ ਲਈ ਸੈਕਟਰ-100 ਤੇ 104 ਦੀ ਡਿਵਾਈਡਰ ਰੋਡ ਵਿੱਚ ਵਿਛਾਈ ਪਾਈਪਲਾਈਨ ਨੂੰ ਰੇਲਵੇ ਲਾਈਨ ਦੇ ਥੱਲਿਉਂ ਦੂਜੇ ਪਾਸੇ ਵਾਲੀ ਲਾਈਨ ਨਾਲ ਨਾ ਜੋੜੇ ਜਾਣ ਕਾਰਨ ਪਾਣੀ ਨੇ ਆਪੇ ਹੀ ਵਹਾਅ ਬਣਾ ਲਿਆ ਹੈ। ਤੇਜ਼ ਰਫ਼ਤਾਰ ਵਿੱਚ ਆਉਂਦੇ ਪਾਣੀ ਕਾਰਨ ਇੱਕ ਪਾਈਪ ਦਾ ਜੋੜ ਖੁੱਲ੍ਹ ਗਿਆ ਹੈ ਅਤੇ ਪਾਣੀ ਨਾਲ ਸੜਕ ਵੀ ਨੁਕਸਾਨੀ ਗਈ ਹੈ।

ਸੈਕਟਰ 100 ਅਤੇ 104 ਪਰਲਜ਼ ਗਰੁੱਪ ਨਾਲ ਸਬੰਧਤ ਹਨ। ਇਨ੍ਹਾਂ ਦੇ ਦੂਜੇ ਪਾਸੇ ਸੈਕਟਰ 103, 101 ਆਦਿ ਨੂੰ ਹੋ ਕੇ ਪਿੰਡ ਦੁਰਾਲੀ ਰਾਹੀਂ ਇਹ ਪਾਈਪਲਾਈਨ ਚਾਉਮਾਜਰਾ ਨੇੜੇ ਚੋਏ ਤੱਕ ਵਿਛਾਈ ਗਈ ਹੈ। ਤਕਰੀਬਨ 11-12 ਸਾਲ ਪਹਿਲਾਂ ਵਿਛਾਈ ਪਾਈਪਲਾਈਨ ਦੇ ਮੁਹਾਲੀ ਸੈਕਟਰਾਂ ਵਾਲੇ ਹਿੱਸੇ ਨੂੰ ਪਹਿਲਾਂ ਰੇਲਵੇ ਲਾਈਨ ਵੱਲੋਂ ਲਾਈਨ ਦੇ ਥੱਲਿਉਂ ਪਾਣੀ ਲਈ ਪੁਲੀ ਨਾ ਬਣਾਏ ਜਾਣ ਕਾਰਨ ਜੋੜਿਆ ਨਹੀਂ ਸੀ ਜਾ ਸਕਿਆ।

ਕਈ ਵਰ੍ਹੇ ਪਹਿਲਾਂ ਰੇਲਵੇ ਲਾਈਨ ਥੱਲਿਓਂ ਪਾਣੀ ਲੰਘਣ ਲਈ ਪੁਲੀ ਵੀ ਬਣਾਈ ਜਾ ਚੁੱਕੀ ਹੈ, ਪਰ ਇਨ੍ਹਾਂ ਲਾਈਨਾਂ ਨੂੰ ਆਪਸ ਵਿੱਚ ਨਾ ਜੋੜੇ ਜਾਣ ਕਾਰਨ ਪਾਣੀ ਆਪ ਮੁਹਾਰੇ ਰੇਲਵੇ ਲਾਈਨ ਹੇਠੋਂ ਬਣਾਈ ਪੁਲੀ ਵਿੱਚੋਂ ਲੰਘ ਕੇ ਲਾਈਨ ਵਿੱਚ ਡਿੱਗ ਗਿਆ ਹੈ।

ਇਸ ਖੇਤਰ ਦੇ ਵਸਨੀਕਾਂ ਨੇ ਗਮਾਡਾ ਅਧਿਕਾਰੀਆਂ ਅਤੇ ਪ੍ਰਸ਼ਾਸਨ ਕੋਲੋਂ ਤੁਰੰਤ ਪਾਣੀ ਦੇ ਨਿਕਾਸ ਲਾਈਨ ਨੂੰ ਜੋੜਨ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਰੇਲਵੇ ਲਾਈਨ ਨੂੰ ਵੀ ਖ਼ਤਰਾ ਹੋ ਸਕਦਾ ਹੈ।

 

ਮੀਂਹ ਕਾਰਨ ਐਰੋਸਿਟੀ ਤੇ ਆਈਟੀ ਸਿਟੀ ’ਚ ਬਿਜਲੀ ਠੱਪ

ਐੱਸਏਐੱਸ ਨਗਰ(ਮੁਹਾਲੀ): ਕੌਮਾਂਤਰੀ ਏਅਰਪੋਰਟ ਨੇੜੇ ਸਥਿਤ ਮੁਹਾਲੀ ਦੇ ਐਰੋਸਿਟੀ ਅਤੇ ਆਈਟੀ ਸਿਟੀ ਦੇ ਵਸਨੀਕ ਮੀਂਹ ਸ਼ੁਰੂ ਹੁੰਦਿਆਂ ਹੀ ਬਿਜਲੀ ਖ਼ਰਾਬ ਹੋਣ ਤੋਂ ਪ੍ਰੇਸ਼ਾਨ ਹਨ। ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਐਰੋਸਿਟੀ ਦੇ ਜੀ ਬਲਾਕ ਦੇ ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਆਈਟੀ ਖੇਤਰ ਦੇ ਵਸਨੀਕ ਮੇਵਾ ਸਿੰਘ ਗਿੱਲ ਆਦਿ ਨੇ ਗਮਾਡਾ ਤੋਂ ਮੰਗ ਕੀਤੀ ਹੈ ਕਿ ਇਸ ਖੇਤਰ ਵਿੱਚ ਨਵੇਂ ਸੈਕਟਰ ਵਿਕਸਿਤ ਕਰਨ ਤੋਂ ਪਹਿਲਾਂ ਪੁਰਾਣੇ ਖੇਤਰਾਂ ਦੇ ਵਸਨੀਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕੀਤੀ ਜਾਵੇ। ਉਪਰੋਕਤ ਖੇਤਰਾਂ ਦੇ ਵਸਨੀਕਾਂ ਨੇ ਦੱਸਿਆ ਕਿ ਕੱਲ੍ਹ ਵੀ ਮੀਂਹ ਪੈਣ ਤੋਂ ਬਾਅਦ ਬਿਜਲੀ ਬੰਦ ਹੋ ਗਈ ਸੀ, ਜਿਹੜੀ ਕਾਫ਼ੀ ਸਮੇਂ ਬਾਅਦ ਚਾਲੂ ਹੋਈ। ਇਸੇ ਤਰ੍ਹਾਂ ਅੱਜ ਸਵੇਰੇ ਚਾਰ ਵਜੇ ਦੀ ਬਿਜਲੀ ਬੰਦ ਹੈ ਅਤੇ ਰਾਤ ਕਰੀਬ ਪੌਣੇ ਅੱਠ ਚਾਲੂ ਹੋਈ। ਵਸਨੀਕਾਂ ਨੇ ਦੱਸਿਆ ਕਿ ਪਾਵਰਕੌਮ ਕੋਲ ਇਸ ਖੇਤਰ ਵਿਚ ਧਰਤੀ ਦੇ ਥੱਲੇ ਪਾਈਆਂ ਗਈਆਂ ਬਿਜਲੀ ਦੀਆਂ ਲਾਈਨਾਂ ਦੀ ਖ਼ਰਾਬੀ ਦੀ ਜਾਂਚ ਕਰਨ ਲਈ ਨਾ ਕੋਈ ਮਾਹਿਰ ਹੈ ਅਤੇ ਨਾ ਹੀ ਕੋਈ ਉਪਕਰਨ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੰਦ ਹੁੰਦਿਆਂ ਹੀ ਪਾਣੀ ਦੀ ਸਪਲਾਈ ਠੱਪ ਹੋ ਜਾਂਦੀ ਹੈ। ਲੋਕਾਂ ਦੇ ਘਰਾਂ ਵਿੱਚ ਰੱਖੇ ਇਨਵਰਟਰ ਵੀ ਖ਼ਤਮ ਹੋ ਜਾਂਦੇ ਅਤੇ ਲੋਕ ਗਰਮੀ ਵਿਚ ਹਾਲੋਂ ਬੇਹਾਲ ਹੁੰਦੇ ਰਹਿੰਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਪਿਛਲੇ ਕਈ ਵਰ੍ਹਿਆਂ ਤੋਂ ਬਿਜਲੀ ਦੀ ਖ਼ਰਾਬੀ ਦੀ ਸਮੱਸਿਆ ਨਾਲ ਜੂਝ ਰਹੇ ਐਰੋਸਿਟੀ ਅਤੇ ਆਈਟੀ ਸਿਟੀ ਦੀ ਬਿਜਲੀ ਸਪਲਾਈ ਵਿੱਚ ਤੁਰੰਤ ਸੁਧਾਰ ਕੀਤਾ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਲੋਕਾਂ ਨੇ ਸੰਘਰਸ਼ ਦੀ ਵੀ ਚਿਤਾਵਨੀ ਦਿੱਤੀ। ਇਸ ਸਬੰਧੀ ਪਾਵਰਕੌਮ ਦੇ ਸਬੰਧਤ ਡਿਵੀਜ਼ਨ ਦੇ ਐਕਸੀਅਨ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਧਰਤੀ ਹੇਠਲੀਆਂ ਬਿਜਲੀ ਦੀਆਂ ਲਾਈਨਾਂ ਵਿੱਚ ਖ਼ਰਾਬੀ ਆ ਗਈ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਦੂਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖ਼ਰਾਬ ਲਾਈਨਾਂ ਦੀ ਥਾਂ ਨਵੀਆਂ ਤਾਰਾਂ ਜਲਦੀ ਹੀ ਪਾਈਆਂ ਜਾ ਰਹੀਆਂ ਹਨ ਅਤੇ ਐਰੋਸਿਟੀ ਦੇ ਬਲਾਕ ਜੀ ਵਿੱਚ ਪਾਵਰਕੌਮ ਵੱਲੋਂ ਇੱਕ ਨਵਾਂ ਗਰਿੱਡ ਵੀ ਜਲਦੀ ਹੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨਦੋਜ਼ ਤਾਰਾਂ ਦੀ ਜਾਂਚ ਲਈ ਉਪਕਰਨ ਅਤੇ ਮਾਹਿਰ ਵੀ ਮੌਜੂਦ ਹਨ।

Advertisement