ਜਿਉਲੀ-ਜੌਲਾ ਕਲਾਂ ਸੜਕ ’ਤੇ ਖੰਭੇ ਡਿੱਗੇ
ਸਰਬਜੀਤ ਸਿੰਘ ਭੱਟੀ
ਲਾਲੜੂ, 29 ਜੂਨ
ਲਾਲੜੂ ਉਦਯੋਗਿਕ ਜ਼ੋਨ ਅੰਦਰ ਪਿੰਡ ਜਿਉਲੀ ਤੋਂ ਜੌਲਾ ਕਲਾਂ ਸੰਪਰਕ ਸੜਕ ’ਤੇ ਬਿਜਲੀ ਦੇ ਕਰੀਬ 11 ਖੰਭੇ ਡਿੱਗਣ ਕਾਰਨ ਵਾਹਨ ਚਾਲਕਾਂ, ਰਾਹਗੀਰਾਂ ਤੇ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਘੰਟੇ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਨ੍ਹਾਂ ਖੰਭਿਆਂ ਨੂੰ ਹਟਾਉਣ ਜਾਂ ਠੀਕ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਨੇਰੀ, ਬਰਸਾਤ ਜਾਂ ਕਿਸੇ ਹੋਰ ਕਾਰਨ ਕਰ ਕੇ ਇਹ ਬਿਜਲੀ ਦੇ ਖੰਭੇ ਸੜਕ ’ਤੇ ਡਿੱਗ ਗਏ ਸਨ। ਇਨ੍ਹਾਂ ਖੰਭਿਆਂ ਦੇ ਡਿੱਗਣ ਕਾਰਨ ਨਾ ਸਿਰਫ਼ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ, ਸਗੋਂ ਇਹ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਸੜਕ ’ਤੇ ਖੰਭੇ ਡਿੱਗੇ ਹੋਣ ਕਾਰਨ ਵਾਹਨ ਚਾਲਕਾਂ ਨੂੰ ਰਾਹ ਬਦਲ ਕੇ ਲੰਘਣਾ ਪੈ ਰਿਹਾ ਹੈ ਜਾਂ ਖੰਭਿਆਂ ਤੋਂ ਮੁਸ਼ਕਲ ਨਾਲ ਵਾਹਨ ਲੰਘਾਉਣੇ ਪੈ ਰਹੇ ਹਨ। ਖਾਸ ਕਰ ਕੇ ਰਾਤ ਸਮੇਂ ਇੱਥੋਂ ਲੰਘਣਾ ਖ਼ਤਰਨਾਕ ਹੋ ਜਾਂਦਾ ਹੈ। ਇਸ ਸਬੰਧੀ ਸਾਬਕਾ ਚੇਅਰਮੈਨ ਚੌਧਰੀ ਸੁਰਿੰਦਰ ਪਾਲ ਸਿੰਘ ਜਿਉਲੀ ਤੇ ਵਾਹਨ ਚਾਲਕਾਂ ਨੇ ਕਿਹਾ ਕਿ ਕਈ ਵਾਰ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਖੰਭਿਆਂ ਨੂੰ ਤੁਰੰਤ ਸੜਕ ਤੋਂ ਹਟਾਇਆ ਜਾਵੇ ਅਤੇ ਬਿਜਲੀ ਸਪਲਾਈ ਨੂੰ ਬਹਾਲ ਕੀਤਾ ਜਾਵੇ।
ਪਾਵਰਕੌਮ ਦੇ ਐੱਸਡੀਓ ਦਵਿੰਦਰ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਖੰਬੇ ਹਟਾਉਣ ਲਈ ਯਤਨ ਜਾਰੀ ਹਨ।