ਮੁਬਾਰਕਪੁਰ ਕਾਜ਼ਵੇਅ ’ਤੇ ਪਿੱਲਰ ਲਾਉਣ ਦਾ ਕੰਮ ਸ਼ੁਰੂ
ਹਰਜੀਤ ਸਿੰਘ
ਡੇਰਾਬੱਸੀ, 30 ਜੂਨ
ਇੱਥੋਂ ਦੀ ਘੱਗਰ ਨਦੀ ’ਤੇ ਬਣੇ ਮੁਬਾਰਕਪੁਰ ਕਾਜ਼ਵੇਅ ਦੇ ਕੰਢੇ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਰਜ਼ੀ ਤੌਰ ’ਤੇ ਸੁਰੱਖਿਆ ਪਿੱਲਰ ਲਾਉਣ ਦਾ ਕੰਮ ਚਾਲੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਅੱਜ ‘ਪੰਜਾਬੀ ਟ੍ਰਿਬਿਊਨ’ ਵੱਲੋਂ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅਧਿਕਾਰੀਆਂ ਨੂੰ ਮੌਨਸੂਨ ਤੋਂ ਪਹਿਲਾਂ ਅਗਾਊਂ ਪ੍ਰਬੰਧ ਕਰਨ ਅਤੇ ਕਾਜ਼ਵੇਅ ’ਤੇ ਰਾਹਗੀਰਾਂ ਦੀ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਹਦਾਇਤ ਦਿੱਤੀ ਹੈ।
ਜਾਣਕਾਰੀ ਅਨੁਸਾਰ ਲੰਘੇ ਦਿਨਾਂ ਤੋਂ ਪੈ ਰਹੀ ਬਰਸਾਤ ਕਰ ਕੇ ਵਿਧਾਇਕ ਰੰਧਾਵਾ ਵੀ ਨਿਕਾਸੀ ਪ੍ਰਬੰਧ ਦੇਖਣ ਲਈ ਹਲਕੇ ਦਾ ਦੌਰਾ ਕਰ ਰਹੇ ਹਨ। ਅੱਜ ਖ਼ਬਰ ਪ੍ਰਕਾਸ਼ਿਤ ਹੋਣ ਮਗਰੋਂ ਵਿਧਾਇਕ ਨੇ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਹਲਕਾ ਵਿਧਾਇਕ ਸ੍ਰੀ ਰੰਧਾਵਾ ਨੇ ਕਿਹਾ ਕਿ ਕਾਜ਼ਵੇਅ ਦੇ ਕੰਢੇ ਤੇ ਸੁਰੱਖਿਆ ਪਿੱਲਰ ਨਾ ਹੋਣ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਹਾਦਸਿਆਂ ਦਾ ਖ਼ਦਸ਼ਾ ਬਣਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਰਾਤ ਨੂੰ ਸਥਿਤੀ ਹੋਰ ਵੀ ਖ਼ਤਰਨਾਕ ਬਣ ਜਾਂਦੀ ਸੀ ਜਿਸ ਨੂੰ ਦੇਖਦਿਆਂ ਇੱਥੇ ਸੁਰੱਖਿਆ ਪ੍ਰਬੰਧ ਚਾਲੂ ਕਰਵਾ ਦਿੱਤੇ ਹਨ।