ਅਪਰੇਸ਼ਨ ਸਿੰਧੂਰ ਦੌਰਾਨ ਸੇਵਾਵਾਂ ਨਿਭਾਉਣ ਵਾਲੀ ਪੀਜੀਆਈ ਦੀ ਟੀਮ ਦਾ ਸਨਮਾਨ
ਪੱਤਰ ਪ੍ਰੇਰਕ ਚੰਡੀਗੜ੍ਹ, 28 ਮਈ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ ਐੱਮਈਆਰ) ਚੰਡੀਗੜ੍ਹ ਵੱਲੋਂ ਅੱਜ ਅਪਰੇਸ਼ਨ ਸਿੰਧੂਰ ਦੌਰਾਨ ਸੇਵਾਵਾਂ ਦੇਣ ਵਾਲੇ ਡਾਕਟਰਾਂ, ਨਰਸਿੰਗ ਅਫ਼ਸਰਾਂ, ਟਰਾਂਸਪੋਰਟ ਸਟਾਫ, ਹਸਪਤਾਲ ਅਟੈਂਡੈਂਟਾਂ ਅਤੇ ਵਾਲੰਟੀਅਰਾਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਨੇ ਜੰਮੂ...
ਪੱਤਰ ਪ੍ਰੇਰਕ
ਚੰਡੀਗੜ੍ਹ, 28 ਮਈ
ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ ਐੱਮਈਆਰ) ਚੰਡੀਗੜ੍ਹ ਵੱਲੋਂ ਅੱਜ ਅਪਰੇਸ਼ਨ ਸਿੰਧੂਰ ਦੌਰਾਨ ਸੇਵਾਵਾਂ ਦੇਣ ਵਾਲੇ ਡਾਕਟਰਾਂ, ਨਰਸਿੰਗ ਅਫ਼ਸਰਾਂ, ਟਰਾਂਸਪੋਰਟ ਸਟਾਫ, ਹਸਪਤਾਲ ਅਟੈਂਡੈਂਟਾਂ ਅਤੇ ਵਾਲੰਟੀਅਰਾਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਨੇ ਜੰਮੂ ਕਸ਼ਮੀਰ ਦੇ ਸੰਕਟ ਪ੍ਰਭਾਵਿਤ ਖੇਤਰ ਵਿੱਚ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ। ਅੱਜ ਸਮੁੱਚੀ ਟੀਮ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
ਇਹ ਸਨਮਾਨ ਸਮਾਰੋਹ ਸੰਸਥਾ ਵਿੱਚ ਡਾਇਰੈਕਟਰ ਪ੍ਰੋ. ਵਿਵੇਕ ਲਾਲ ਦੀ ਹਾਜ਼ਰੀ ਵਿੱਚ ਕੀਤਾ ਗਿਆ। ਉਨ੍ਹਾਂ ਨੇ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਆਸ਼ੂਤੋਸ਼ ਗੁਪਤਾ, ਡਾ. ਸ਼ੈਲੀ ਮਹਾਜਨ ਜੰਮੂ, ਪ੍ਰੋ. ਆਰਕੇ ਰਾਠੋ, ਪ੍ਰੋ. ਸੰਜੇ ਜੈਨ, ਪ੍ਰੋ. ਵਿਪਿਨ ਕੌਸ਼ਲ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਬੀਆਰ ਮਿੱਤਲ ਅਤੇ ਹੋਰ ਸੀਨੀਅਰ ਫੈਕਲਟੀ ਹਾਜ਼ਰ ਸੀ।
ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਬਹੁਤ ਹੀ ਚੁਣੌਤੀਪੂਰਨ ਹਾਲਾਤਾਂ ਦੇ ਵਿਚਕਾਰ ਟੀਮ ਦੀ ਮੌਜੂਦਗੀ ਨੇ ਨਾ ਸਿਰਫ਼ ਜਾਨਾਂ ਬਚਾਈਆਂ ਬਲਕਿ ਮੁਸੀਬਤ ਵਿੱਚ ਫਸੇ ਬਹੁਤ ਸਾਰੇ ਲੋਕਾਂ ਲਈ ਰਾਹਤ ਅਤੇ ਉਮੀਦ ਦੀ ਭਾਵਨਾ ਵੀ ਲਿਆਂਦੀ।
ਉਨ੍ਹਾਂ ਦੱਸਿਆ ਕਿ ਮਹੱਤਵਪੂਰਨ ਡਾਕਟਰੀ ਅਤੇ ਸਰਜੀਕਲ ਸਹਾਇਤਾ ਪ੍ਰਦਾਨ ਕਰਨ ਵਾਲੀ ਟੀਮ ਵਿੱਚ ਡਾ. ਅਮਿਤ ਸ਼ਰਮਾ (ਅਨਸਥੀਸੀਆ), ਡਾ. ਸਵਪਨੇਸ਼ ਸਾਹੂ (ਜਨਰਲ ਤੇ ਨਾੜੀ ਸਰਜਰੀ), ਡਾ. ਹਿਮਾਂਸ਼ੂ ਕਾਨਵਟ (ਆਰਥੋਪੈਡਿਕਸ), ਡਾ. ਮਹੇਸ਼ ਜਾਂਗੜਾ (ਪਲਾਸਟਿਕ ਸਰਜਰੀ), ਡਾ. ਸਚਿਨ ਕੁਮਾਰ (ਅਨਸਥੀਸੀਆ), ਡਾ. ਗੋਕੁਲਕ੍ਰਿਸ਼ਨਨ ਹਰੀ (ਜਨਰਲ ਅਤੇ ਨਾੜੀ ਸਰਜਰੀ), ਡਾ. ਉਦਿਤ ਜਯੰਤ (ਆਰਥੋਪੈਡਿਕਸ) ਅਤੇ ਡਾ. ਸਚਿਨ ਸੀ. ਨਾਇਰ (ਪਲਾਸਟਿਕ ਸਰਜਰੀ) ਸ਼ਾਮਲ ਸਨ। ਤਿੰਨ ਨਰਸਿੰਗ ਅਫ਼ਸਰਾਂ ਵਿੱਚ ਨਰਿੰਦਰ ਤਿਆਗੀ, ਰਮੇਸ਼ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਇਹ ਕਾਰਵਾਈ ਟਰਾਂਸਪੋਰਟ ਵਿਭਾਗ ਦੀ ਟੀਮ ਦੇ ਯਤਨਾਂ ਤੋਂ ਬਿਨਾਂ ਸੰਭਵ ਨਹੀਂ ਸੀ।

