ਸ਼ਾਮਲਾਤ ਜ਼ਮੀਨਾਂ ਵੇਚਣ ਦੀ ਤਜਵੀਜ਼ ਖ਼ਿਲਾਫ਼ ਮੰਗ ਪੱਤਰ ਸੌਂਪਿਆ
ਸਯੁੰਕਤ ਕਿਸਾਨ ਮੋਰਚੇ ਦੀ ਅਗਵਾਈ ਹੇਠਲੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਮ ਵਾਲਾ ਮੰਗ ਪੱਤਰ ਸੌਂਪ ਕੇ ਮੁਹਾਲੀ ਬਲਾਕ ਦੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਵੇਚਣ ਦੀ ਤਜਵੀਜ਼ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਸਕੇਐੱਮ ਕਿਸੇ ਵੀ ਕੀਮਤ ’ਤੇ ਅਜਿਹਾ ਨਹੀਂ ਹੋਣ ਦੇਵੇਗਾ ਅਤੇ ਜੇ ਪੰਚਾਇਤ ਵਿਭਾਗ ਨੇ ਕਿਸੇ ਦਬਾਅ ਅਧੀਨ ਪੰਚਾਇਤਾਂ ਤੋਂ ਮਤੇ ਪਵਾਏ ਜਾਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੀਆਂ। ਕਿਸਾਨ ਆਗੂਆਂ ਕਿਰਪਾਲ ਸਿੰਘ ਸਿਆਊ, ਪਰਮਦੀਪ ਸਿੰਘ ਬੈਦਵਾਣ, ਜਸਪਾਲ ਸਿੰਘ ਨਿਆਮੀਆਂ, ਨਛੱਤਰ ਸਿੰਘ ਬੈਦਵਾਣ, ਅੰਗਰੇਜ਼ ਸਿੰਘ ਭਦੌੜ, ਲਖਵਿੰਦਰ ਸਿੰਘ ਕਰਾਲਾ, ਦਰਸ਼ਨ ਸਿੰਘ ਦੁਰਾਲੀ, ਜਸਪਾਲ ਸਿੰਘ ਲਾਂਡਰਾਂ, ਕੁਲਵੰਤ ਸਿੰਘ ਚਿੱਲਾ, ਮੱਖਣ ਸਿੰਘ ਗੀਗੇਮਾਜਰਾ, ਗੁਰਪ੍ਰਤਾਪ ਸਿੰਘ ਬੜੀ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ 26 ਅਗਸਤ ਨੂੰ ਮੁਹਾਲੀ ਬਲਾਕ ਦੀਆਂ 17 ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾ ਕੇ ਸ਼ਾਮਲਾਤ ਜ਼ਮੀਨਾਂ ਖੁੱਲੀ ਬੋਲੀ ਰਾਹੀਂ ਵੇਚਣ ਦੀ ਤਜਵੀਜ਼ ਦਿੱਤੀ ਸੀ ਤੇ ਇਸ ਸਬੰਧੀ ਮਤੇ ਪਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਪੰਚਾਂ ਵੱਲੋਂ ਮਤੇ ਪਾਉਣ ਤੋਂ ਜਵਾਬ ਦੇ ਦਿੱਤਾ ਗਿਆ ਹੈ। ਪਰਮਦੀਪ ਬੈਦਵਾਣ ਨੇ 16 ਮੈਂਬਰੀ ਸ਼ਾਮਲਾਤ ਜ਼ਮੀਨਾਂ ਬਚਾਓ ਮੋਰਚਾ ਬਣਾਉਣ ਦਾ ਵੀ ਐਲਾਨ ਕੀਤਾ। ਮੋਰਚੇ ਦੇ ਮੈਂਬਰਾਂ ’ਚ ਪਰਮਦੀਪ ਸਿੰਘ ਬੈਦਵਾਣ, ਕਿਰਪਾਲ ਸਿੰਘ ਸਿਆਊ, ਅੰਗਰੇਜ਼ ਸਿੰਘ ਭਦੌੜ, ਦਰਸ਼ਨ ਸਿੰਘ ਦੁਰਾਲੀ, ਗੁਰਪ੍ਰੀਤ ਸਿੰਘ ਸੇਖਨਾਮਾਜਰਾ, ਮੱਖਣ ਸਿੰਘ, ਰੁਸਤਮ ਅਲੀ, ਸਤਨਾਮ ਸਿੰਘ ਖਾਸਪੁਰ, ਕਮਲਜੀਤ ਸਿੰਘ ਲਾਂਡਰਾਂ, ਲਖਵਿੰਦਰ ਸਿੰਘ ਸਰਪੰਚ ਕਰਾਲਾ, ਜਸਪਾਲ ਸਿੰਘ ਲਾਂਡਰਾਂ, ਗੁਰਪ੍ਰਤਾਪ ਸਿੰਘ ਬੜੀ, ਪ੍ਰਦੀਪ ਮੁਸਾਹਿਬ, ਲਖਵਿੰਦਰ ਸਿੰਘ ਹੈਪੀ, ਰਵਿੰਦਰ ਸਿੰਘ ਵਜ਼ੀਦਪੁਰ ਅਤੇ ਦਰਸ਼ਨ ਸਿੰਘ ਦੇ ਨਾਂ ਸ਼ਾਮਲ ਕੀਤੇ ਗਏ ਹਨ।