ਪੈਰੀ ਕਤਲ ਮਾਮਲਾ: ਵਾਰਦਾਤ ’ਚ ਵਰਤੀ ਕਾਰ ਬਰਾਮਦ
ਲਾਰੈਂਸ ਬਿਸ਼ਨੋਈ ਗਰੋਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ, ਗੋਲਡੀ ਬਰਾਡ਼ ਨੇ ਆਡੀਓ ਜਾਰੀ ਕੀਤੀ
ਚੰਡੀਗੜ੍ਹ ਦੇ ਸੈਕਟਰ 26 ਸਥਿਤ ਟਿੰਬਰ ਮਾਰਕੀਟ ਦੇ ਨਜ਼ਦੀਕ ਲੰਘੀ ਦੇਰ ਸ਼ਾਮ ਕਾਰ ਸਵਾਰਾਂ ਵੱਲੋਂ ਇੰਦਰਪ੍ਰੀਤ ਪੈਰੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੁਲੀਸ ਨੇ ਪੈਰੀ ਦੇ ਕਤਲ ਸਮੇਂ ਵਰਤੀ ਗਈ ਕਰੇਟਾ ਕਾਰ ਨੂੰ ਪੰਚਕੂਲਾ ਵਿੱਚੋਂ ਬਰਾਮਦ ਕਰ ਲਿਆ ਹੈ। ਇਸ ’ਤੇ ਜਾਅਲੀ ਨੰਬਰ ਲੱਗਿਆ ਹੋਇਆ ਹੈ। ਉੱਧਰ, ਚੰਡੀਗੜ੍ਹ ਪੁਲੀਸ ਨੇ ਘਟਨਾ ਵਾਲੀ ਥਾਂ ਅਤੇ ਮੁਲਜ਼ਮਾਂ ਵੱਲੋਂ ਚੰਡੀਗੜ੍ਹ ਤੋਂ ਪੰਚਕੂਲਾ ਵੱਲ ਭੱਜਣ ਦੇ ਰਾਹ ’ਤੇ ਲੱਗੇ ਸਾਰੇ ਸੀ ਸੀ ਟੀ ਵੀ ਕੈਮਰੇ ਖੰਗਾਲੇ ਜਾ ਰਹੇ ਹਨ। ਇਸ ਦੌਰਾਨ ਪੁਲੀਸ ਵੱਲੋਂ ਕੁਝ ਸ਼ੱਕੀਆਂ ਦੀ ਸ਼ਨਾਖ਼ਤ ਵੀ ਕੀਤੀ ਹੈ।
ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਘਟਨਾ ਸਮੇਂ ਪੈਰੀ ਦੀ ਕਾਰ ਵਿੱਚ ਇੱਕ ਨੌਜਵਾਨ ਬੈਠਾ ਸੀ ਜੋ ਗੋਲੀਆਂ ਚੱਲਣ ਸਮੇਂ ਉੱਤਰ ਕੇ ਹਮਲਾਵਰਾਂ ਦੀ ਕਾਰ ਵਿੱਚ ਬੈਠ ਕੇ ਫ਼ਰਾਰ ਹੋਇਆ ਹੈ। ਪੁਲੀਸ ਮਾਮਲੇ ਵਿੱਚ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਘਟਨਾ ਵਾਲੀ ਥਾਂ ਦੇ ਮੋਬਾਈਲ ਟਾਵਰ ਦਾ ਡੰਪ ਵੀ ਖੰਗਾਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇੰਦਰਪ੍ਰੀਤ ਪੈਰੀ ਦੇ ਮੋਬਾਈਲ ਫੋਨ ਦੀ ਕਾਲ ਡੀਟੇਲ ਵੀ ਖੰਗਾਲੀ ਜਾ ਰਹੀ ਹੈ।
ਇੰਦਰਪ੍ਰੀਤ ਪੈਰੀ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਅਤੇ ਕੈਨੇਡਾ ਆਧਾਰਤ ਗੈਂਗਸਟਰ ਗੋਲਡੀ ਬਰਾੜ ਵੀ ਆਹਮੋ-ਸਾਹਮਣੇ ਆ ਗਏ ਹਨ। ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰਾਂ ਨੇ ਸੋਸ਼ਲ ਮੀਡੀਆ ’ਤੇ ‘ਹਰੀ ਬਾਕਸਰ ਆਰਜ਼ੂ ਬਿਸ਼ਨੋਈ’ ਨਾਮ ਦੇ ਖਾਤੇ ਤੋਂ ਪੋਸਟ ਪਾ ਕੇ ਪੈਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਦਾ ਕਹਿਣਾ ਹੈ ਕਿ ਪੈਰੀ ਗੋਲਡੀ ਬਰਾੜ ਲਈ ਰੁਪਏ ਇਕੱਠੇ ਕਰਦਾ ਸੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਇਹ ਸ਼ੁਰੂਆਤ ਹੈ, ਭਵਿੱਖ ਵਿੱਚ ਦੁਸ਼ਮਣਾਂ ਦੀ ਮਦਦ ਕਰਨ ਵਾਲੇ ਹੋਰਾਂ ਦੇ ਕਤਲ ਕੀਤੇ ਜਾਣਗੇ। ਦੂਜੇ ਪਾਸੇ, ਪਾਸੇ ਗੋਲਡੀ ਬਰਾੜ ਨੇ ਇੱਕ ਆਡੀਓ ਮੈਸੇਜ ਜਾਰੀ ਕਰ ਕੇ ਘਟਨਾ ਲਈ ਲਾਰੈਂਸ ਬਿਸ਼ਨੋਈ ਨੂੰ ਜ਼ਿੰਮੇਵਾਰੀ ਠਹਿਰਾਇਆ ਹੈ। ਗੋਲਡੀ ਬਰਾੜ ਨੇ ਬਿਸ਼ਨੋਈ ਨੂੰ ਗ਼ਦਾਰ ਕਰਾਰ ਦਿੱਤਾ ਹੈ। ਉਸ ਨੇ ਕਿਹਾ ਕਿ ਬਿਸ਼ਨੋਈ ਨੇ ਫੋਨ ’ਤੇ ਗੱਲ ਕਰਨ ਦੇ ਬਹਾਨੇ ਬੁਲਾ ਕੇ ਪੈਰੀ ਦਾ ਕਤਲ ਕੀਤਾ ਹੈ। ਇਸ ਚਰਚਾ ਬਾਰੇ ਚੰਡੀਗੜ੍ਹ ਪੁਲੀਸ ਵੱਲੋਂ ਕੁਝ ਕਹਿਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਪੁਲੀਸ ਇਨ੍ਹਾਂ ਪੋਸਟਾਂ ਦੀ ਅੰਦਰਖਾਤੇ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਲੰਘੀ ਸ਼ਾਮ ਸਮੇਂ ਇੰਦਰਪ੍ਰੀਤ ਪੈਰੀ ਆਪਣੀ ਕਾਰ ਵਿੱਚ ਜਿਮ ਤੋਂ ਵਾਪਸ ਜਾ ਰਿਹਾ ਸੀ ਤਾਂ ਕਾਰ ਸਵਾਰ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਪੈਰੀ ਦੇ ਦੋ ਗੋਲੀਆਂ ਵੱਜੀਆਂ ਸਨ। ਉਸ ਨੂੰ ਤੁਰੰਤ ਪੀ ਜੀ ਆਈ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ।
ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ: ਅੱੈਸ ਐੱਸ ਪੀ
ਚੰਡੀਗੜ੍ਹ ਦੀ ਐੱਸ ਐੱਸ ਪੀ ਕੰਵਰਦੀਪ ਕੌਰ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੈਰੀ ਦੇ ਕਤਲ ਦੇ ਮਾਮਲੇ ਵਿੱਚ ਕੁਝ ਸ਼ੱਕੀਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਐੱਸ ਐੱਸ ਪੀ ਨੇ ਕਿਹਾ ਕਿ ਪੁਲੀਸ ਵੱਲੋਂ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।

