Viral Video Chandigarh ਚੰਡੀਗੜ੍ਹ ਦੇ ਅਰੋਮਾ ਚੌਕ ’ਤੇ ਤੇਜ਼ ਰਫ਼ਤਾਰ ਰੇਂਜ ਰੋਵਰ ਦੇ ਸਟੰਟ ਖਿਲਾਫ਼ ਲੋਕਾਂ ਦਾ ਗੁੱਸਾ ਫੁੱਟਿਆ
High-Speed Range Rover Stunt at Chandigarh's Aroma Light Point Sparks Public Outrage
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਮਈ
Range Rover Stunt at Chandigarh's Aroma Light Point ਚੰਡੀਗੜ੍ਹ ਦੇ ਸੈਕਟਰ 22 ਅਰੋਮਾ ਲਾਈਟ ਪੁਆਇੰਟ ’ਤੇ ਕਾਲੇ ਰੰਗ ਦੀ ਰੇਂਜ ਰੋਵਰ ਵੱਲੋਂ ਖ਼ਤਰਨਾਕ ਸਟੰਟ ਕਰਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਇਸ ਕਾਰਨ ਲੋਕਾਂ ਵਿੱਚ ਭਾਰੀ ਗੁੱਸਾ ਹੈ ਅਤੇ ਉਨ੍ਹਾਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਭੀੜ-ਭੜੱਕੇ ਵਾਲੀਆਂ ਟਰੈਫਿਕ ਲਾਈਟਾਂ ਨੇੜੇ ਵਾਹਨ ਨੂੰ ਤੇਜ਼ ਰਫ਼ਤਾਰ ਨਾਲ ਲਾਪਰਵਾਹੀ ਨਾਲ ਚਲਾਇਆ ਜਾ ਰਿਹਾ ਹੈ। ਸਟੰਟ ਦੌਰਾਨ ਐਕਟਿਵਾ ਸਵਾਰ ਵਿਅਕਤੀ ਗੰਭੀਰ ਹਾਦਸੇ ਤੋਂ ਵਾਲ-ਵਾਲ ਬਚ ਗਿਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜੇਕਰ ਸਕੂਟਰ ਸਵਾਰ ਕੁਝ ਸਕਿੰਟ ਨੇੜੇ ਹੁੰਦਾ, ਤਾਂ ਇਹ ਘਟਨਾ ਸਾਬਤ ਹੋ ਸਕਦੀ ਸੀ।
ਮੌਕੇ ’ਤੇ ਮੌਜੂਦ ਰਾਹਗੀਰ ਨੇ ਇਹ ਵੀਡੀਓ ਬਣਾਇਆ ਤੇ ਮਗਰੋਂ ਇਸ ਨੂੰ ਆਨਲਾਈਨ ਸ਼ੇਅਰ ਕਰ ਦਿੱਤਾ। ਸੋਸ਼ਲ ਮੀਡੀਆ ’ਤੇ ਇਸ ਵੀਡੀਓ ਨੇ ਸਹਿਜੇ ਹੀ ਲੋਕਾਂ ਦਾ ਧਿਆਨ ਖਿੱਚਿਆ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਡਰਾਈਵਰ ਦੇ ਗ਼ੈਰਜ਼ਿੰਮੇਵਾਰਾਨਾ ਵਿਹਾਰ ਤੇ ਪੁਲੀਸ ਵੱਲੋਂ ਫੌਰੀ ਕਾਰਵਾਈ ਨਾ ਕੀਤੇ ਜਾਣ ਦੀ ਨੁਕਤਾਚੀਨੀ ਕੀਤੀ।
ਮੁਕਾਮੀ ਲੋਕਾਂ ਨੇ ਪੁਲੀਸ ਵੱਲੋਂ ਫੌਰੀ ਕੋਈ ਦਖ਼ਲ ਨਾ ਦਿੱਤੇ ਜਾਣ ’ਤੇ ਫ਼ਿਕਰ ਜਤਾਇਆ ਹੈ। ਚੇਤੇ ਰਹੇ ਕਿ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ’ਤੇ ਹੀ ਪੁਲੀਸ ਚੌਕੀ ਹੈ। ਹਾਲਾਂਕਿ ਸੈਕਟਰ 22 ਪੁਲੀਸ ਚੌਕੀ ਦੇ ਅਧਿਕਾਰੀਆਂ ਨੂੰ ਇਸ ਵਾਇਰਲ ਵੀਡੀਓ ਬਾਰੇ ਪੁੱਛਣ ’ਤੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ।
ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਵੀਡੀਓ ਜਾਂ ਸੀਸੀਟੀਵੀ ਫੁਟੇਜ ਤੋਂ ਸਬੰਧਤ ਵਾਹਨ ਦੀ ਪਛਾਣ ਹੋ ਜਾਂਦੀ ਹੈ, ਤਾਂ ਡਰਾਈਵਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।