ਫਰਜ਼ੀ ਇਮੀਗਰੇਸ਼ਨ ਕੰਪਨੀਆਂ ਤੇ ਟਰੈਵਲ ਏਜੰਟਾਂ ਖ਼ਿਲਾਫ਼ ਡਟੇ ਲੋਕ
ਫ਼ਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਤੇ ਫ਼ਰਜ਼ੀ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਲੋਕਾਂ ਵਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਚ ਇਕੱਤਰਤਾ ਕੀਤੀ ਗਈ। ਇਕੱਠ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਵੀ ਤਾਇਨਾਤ ਸੀ। ਲੱਖਾ ਸਿਧਾਣਾ, ਭਾਨਾ ਸਿੱਧੂ, ਪਰਮਿੰਦਰ ਸਿੰਘ ਝੋਟਾ, ਅਮਿਤੋਜ ਸਿੰਘ ਮਾਨ ਤੇ ਨਵਦੀਪ ਸਿੰਘ ਜਲਵੇੜਾ ਦੀ ਅਗਵਾਈ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ’ਚ ਚੱਲਦੀਆਂ ਇਮੀਗ੍ਰੇਸ਼ਨ ਕੰਪਨੀਆਂ ਤੇ ਟਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੋਏ ਪੀੜਤ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਤੋਂ ਇਨਸਾਫ਼ ਮੰਗਿਆ।
ਉਪਰੋਕਤ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਫਰਜ਼ੀ ਟਰੈਵਲ ਏਜੰਟਾਂ ਦਾ ਧੰਦਾ ਬਹੁਤ ਵੱਡਾ ਹੈ ਅਤੇ ਇਨ੍ਹਾਂ ਦੀਆਂ ਠੱਗੀਆਂ ਨਾਲ ਪੰਜਾਬ ਦੇ ਹਰ ਪਿੰਡ ਦੇ ਨੌਜਵਾਨ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਾਫੀਆ ਨਸ਼ਾ ਮਾਫ਼ੀਆ ਨਾਲੋਂ ਵੀ ਕਿਤੇ ਵੱਡਾ ਹੈ, ਇਸ ਲਈ ਸਰਕਾਰ ਨੂੰ ਇਸ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। ਇਕੱਠ ਨੇ ਮੰਗ ਕੀਤੀ ਕਿ ਲੋਕਾਂ ਕੋਲੋਂ ਪੈਸੇ ਲੈ ਕੇ ਉਨ੍ਹਾਂ ਨੂੰ ਵਿਦੇਸ਼ ਨਾ ਭੇਜਣ ਅਤੇ ਪੈਸੇ ਵਾਪਸ ਨਾ ਮੋੜਨ ਵਾਲੇ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਲਈ ਤੁਰੰਤ ਵਿਧਾਨ ਸਭਾ ਵਿੱਚ ਨਵਾਂ ਕਾਨੂੰਨ ਪਾਸ ਕੀਤਾ ਜਾਵੇ।
ਫ਼ਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਤੇ ਫ਼ਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਨ ਤੇ ਉਨ੍ਹਾਂ ਤੋਂ ਠੱਗੀ ਰਾਸ਼ੀ ਵਾਪਸ ਕਰਵਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਪੀੜਤ ਨੌਜਵਾਨਾਂ ਵਲੋਂ ਮੁਹਾਲੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਲੈਣ ਲਈ ਇਕੱਠ ਵਿਚ ਆਉਣ ਦੀ ਅਪੀਲ ਕੀਤੀ ਅਤੇ ਨਾ ਆਉਣ ਤੇ ਮੰਗ ਪੱਤਰ ਦੇਣ ਲਈ ਡੀਸੀ ਦਫ਼ਤਰ ਤੱਕ ਪੈਦਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਇਸ ਐਲਾਨ ਤੋਂ ਬਾਅਦ ਮੌਕੇ ’ਤੇ ਮੌਜੂਦ ਡੀਐੱਸਪੀ ਹਰਸਿਮਰਨ ਸਿੰਘ ਬੱਲ ਤੇ ਡੀਐਸਪੀ ਹਰਸਿਮਰਤ ਸਿੰਘ ਸ਼ੇਤਰਾ ਨੇ ਸਥਿਤੀ ਨੂੰ ਸੰਭਾਲਦਿਆਂ ਪੀੜਤ ਨੌਜਵਾਨਾਂ ਨੂੰ ਸ਼ਾਂਤ ਕੀਤਾ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ।
ਧਰਨੇ ’ਚ ਪੁੱਜੀ ਐਸਡੀਐਮ; ਕਾਰਵਾਈ ਦਾ ਭਰੋਸਾ
ਇਸ ਮੌਕੇ ਮੁਹਾਲੀ ਦੀ ਐਸਡੀਐਮ ਦਮਨਦੀਪ ਕੌਰ ਨੇ ਪਹੁੰਚ ਕੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਫ਼ਰਜ਼ੀ ਇਮੀਗ੍ਰੇਸ਼ਨ ਕੰਪਨੀਆਂ ਤੇ ਫ਼ਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਕੋਈ ਸ਼ਿਕਾਇਤ ਮਿਲਦੀ ਹੈ ਤਾ ਉਹ ਤੁਰੰਤ ਕਾਰਵਾਈ ਕਰਦੇ ਹਨ। ਉਹ ਇਨ੍ਹਾਂ ਖ਼ਿਲਾਫ਼ ਨਿਰੰਤਰ ਕਾਰਵਾਈ ਕਰ ਰਹੇ ਹਨ ਅਤੇ ਉਹ ਇਸ ਲੜਾਈ ਵਿਚ ਪੀੜਤ ਪਰਿਵਾਰਾਂ ਨਾਲ ਹਨ ਤੇ ਸਾਰੇ ਪੀੜਤਾਂ ਦੇ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਆਗੂਆਂ ਦਾ ਵਫ਼ਦ ਡੀਸੀ ਨੂੰ ਮਿਲਿਆ ਤੇ ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਦਾ ਮੰਗ ਪੱਤਰ ਸੌਂਪਿਆ ਤੇ ਡਿਪਟੀ ਕਮਿਸ਼ਨਰ ਨੇ ਆਗੂਆਂ ਨੂੰ ਉਨ੍ਹਾਂ ਦਾ ਮੰਗ ਪੱਤਰ ਪੰਜਾਬ ਦੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਣ ਦਾ ਭਰੋਸਾ ਦਿੱਤਾ।