ਨਵੇਂ ਵਰ੍ਹੇ ਮੌਕੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ ਲੋਕ
ਆਤਿਸ਼ ਗੁਪਤਾ
ਚੰਡੀਗੜ੍ਹ, 1 ਜਨਵਰੀ
ਸਿਟੀ ਬਿਊਟੀਫੁੱਲ ਦੇ ਲੋਕਾਂ ਨੇ ਨਵੇਂ ਸਾਲ ਦਾ ਸਵਾਗਤ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਕੇ ਕੀਤਾ ਹੈ। ਅੱਜ ਸਵੇਰ ਸਮੇਂ ਚੰਡੀਗੜ੍ਹ ਟ੍ਰਾਈਸਿਟੀ ਦੇ ਸਾਰੇ ਹੀ ਧਾਰਮਿਕ ਸਥਾਨਾਂ ’ਤੇ ਲੋਕਾਂ ਦੀ ਭੀੜ ਲੱਗੀ ਹੋਈ ਸੀ, ਜਿੱਥੇ ਲੋਕ ਮੱਥਾ ਟੇਕ ਰਹੇ ਹਨ। ਇਸ ਦੌਰਾਨ ਪੰਚਕੂਲਾ ਸਥਿਤ ਮਨਸਾ ਦੇਵੀ ਮੰਦਰ, ਗੁਰਦੁਆਰਾ ਨਾਢਾ ਸਾਹਿਬ ਸਣੇ ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਦੇ ਸਾਰੇ ਹੀ ਧਾਰਮਿਕ ਸਥਾਨਾਂ ’ਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ।ੋ
ਟ੍ਰਾਈਸਿਟੀ ਸਥਿਤ ਇਨ੍ਹਾਂ ਦੋਵਾਂ ਪ੍ਰਸਿੱਧ ਧਾਰਮਿਕ ਸਥਾਨਾਂ ’ਤੇ ਅੱਜ ਸਾਰਾ ਹੀ ਦਿਨ ਮੱਥਾਂ ਟੇਕਣ ਵਾਲਿਆਂ ਦੀ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਦੌਰਾਨ ਚੰਡੀਗੜ੍ਹ ਟ੍ਰਾਈਸਿਟੀ ਦੇ ਲੋਕ ਪ੍ਰਮਾਤਮਾ ਮੂਹਰੇ ਅਰਦਾਸ ਕਰਕੇ ਆਪਣੇ ਨਵੇਂ ਵਰ੍ਹੇ ਲਈ ਸ਼ੁਭਕਾਮਨਾਵਾਂ ਮੰਗ ਰਹੇ ਸਨ। ਦੂਜੇ ਪਾਸੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਵੱਲੋਂ ਵੀ ਨਵੇਂ ਸਾਲ ਦੀ ਆਮਦ ’ਤੇ ਵੱਖ-ਵੱਖ ਮੰਦਰਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਦੌਰਾਨ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਲੰਗਰ ਵੀ ਲਗਾਏ ਗਏ ਸਨ।
ਹਾਲਾਂਕਿ ਅੱਜ ਚੰਡੀਗੜ੍ਹ ਸ਼ਿਮਲਾ ਨਾਲੋਂ ਵੱਧ ਠੰਢਾ ਰਿਹਾ ਹੈ। ਦਿਨ ਭਰ ਨਾ ਬਰਾਬਰ ਧੁੱਪ ਨਿਕਲਣ ਕਰਕੇ ਲੋਕਾਂ ਨੂੰ ਕੰਬਣੀ ਛਿੜੀ ਰਹੀ। ਦਿਨ ਸਮੇਂ ਤਾਪਮਾਨ ਵਿੱਚ 6.9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ਹਿਰ ਵਿੱਚ ਥਾਂ-ਥਾਂ ’ਤੇ ਲੋਕ ਵੀ ਅੱਗ ਸੇਕਦੇ ਹੋਏ ਦਿਖਾਈ ਦਿੱਤੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਉੱਥੇ ਹੀ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 6.9 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 8.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਅੱਜ ਮੁਹਾਲੀ ’ਚ ਵੱਧ ਤੋਂ ਵੱਧ ਤਾਪਮਾਨ 11.7 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 8.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ।
ਸਿਟੀ ਬਿਊਟੀਫੁੱਲ ਵਿੱਚ ਸਾਲ 2025 ਦੇ ਪਹਿਲੇ ਦਿਨ ਹੀ ਠੰਢ ਦੇ ਜ਼ੋਰ ਫੜਨ ਕਰਕੇ ਰੋਜ਼ਾਨਾ ਦਿਹਾੜੀ ਕਰਨ ਵਾਲਿਆਂ ਦਾ ਕੰਮ-ਕਾਜ ਠੱਪ ਰਿਹਾ। ਇਸ ਦੌਰਾਨ ਲੋਕਾਂ ਨੂੰ ਵੀ ਵਾਹਨ ਚਲਾਉਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੂਜੇ ਪਾਸੇ ਠੰਢ ਵਧਣ ਕਰਕੇ ਗਰਮ ਕੱਪੜਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਦੁਕਾਨਾਂ ’ਤੇ ਲੋਕਾਂ ਦੀ ਭੀੜ ਲੱਗੀ ਦਿਖਾਈ ਦਿੱਤੀ।
ਸਾਲ 2025 ਦੀ ਆਮਦ ’ਤੇ ਠੰਢ ਦਾ ਕਹਿਰ ਜਾਰੀ ਹੈ। ਇਸ ਦੇ ਬਾਵਜੂਦ ਸੁਖਨਾ ਝੀਲ ’ਤੇ ਦਿਨ ਭਰ ਭੀੜ ਲੱਗੀ ਰਹੀ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿੱਚ ਲੋਕ ਸੁਖਨਾ ਝੀਲ ’ਤੇ ਘੁੰਮਣ ਲਈ ਪਹੁੰਚੇ। ਇਸ ਕਰਕੇ ਸੁਖਨਾ ਝੀਲ ਵਾਲੀ ਸੜਕ ’ਤੇ ਵੀ ਜਾਮ ਵਰਗੇ ਹਾਲਾਤ ਬਣੇ ਰਹੀ। ਟਰੈਫਿਕ ਜਾਮ ਦੀ ਸਮੱਸਿਆ ’ਤੇ ਨੱਥ ਪਾਉਣ ਲਈ ਚੰਡੀਗੜ੍ਹ ਟਰੈਫਿਕ ਪੁਲੀਸ ਵੀ ਮੁਸਤੈਦ ਰਹੀ, ਜਿਨ੍ਹਾਂ ਵੱਲੋਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ।
ਮੁਹਾਲੀ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ 20 ਬੱਚਿਆਂ ਨੇ ਮਾਰੀ ਕਿਲਕਾਰੀ
ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਨਵੇਂ ਸਾਲ 2025 ਦੇ ਪਹਿਲੇ ਦਿਨ ਬੁੱਧਵਾਰ ਨੂੰ 20 ਬੱਚਿਆਂ ਨੇ ਪਹਿਲੀ ਕਿਲਕਾਰੀ ਮਾਰੀ, ਜਿਨ੍ਹਾਂ ਵਿੱਚ 9 ਲੜਕੀਆਂ ਅਤੇ 11 ਲੜਕੇ ਹਨ। ਜਿਨ੍ਹਾਂ ਵਿੱਚ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ 13 ਬੱਚਿਆਂ ਨੇ ਜਨਮ ਲਿਆ ਹੈ ਜਦੋਂਕਿ ਸ੍ਰੀ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ ਵੱਲੋਂ ਚਲਾਏ ਜਾ ਰਹੇ ਸੋਹਾਣਾ ਹਸਪਤਾਲ ਵਿੱਚ ਤਿੰਨ ਬੱਚਿਆਂ ਨੇ ਜਨਮ ਲਿਆ। ਇੰਜ ਹੀ ਸਰਕਾਰੀ ਹਸਪਤਾਲ ਖਰੜ ਵਿੱਚ ਚਾਰ ਬੱਚਿਆਂ ਨੇ ਜਨਮ ਦਿਨ ਲਿਆ ਹੈ। ਇਹ ਸਾਰੇ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ। ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਐੱਚਐੱਸ ਚੀਮਾ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਬੁੱਧਵਾਰ ਨੂੰ ਜਿਨ੍ਹਾਂ 13 ਬੱਚਿਆਂ ਨੇ ਜਨਮ ਲਿਆ ਹੈ। ਸੋਹਾਣਾ ਹਸਪਤਾਲ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਆਦਰਸ਼ ਕੁਮਾਰ ਸੂਰੀ ਨੇ ਦੱਸਿਆ ਕਿ ਹਸਪਤਾਲ ਵਿੱਚ ਨਵੇਂ ਸਾਲ ਵਾਲੇ ਦਿਨ ਤਿੰਨ ਬੱਚਿਆਂ ਨੇ ਜਨਮ ਲਿਆ ਹੈ, ਜਿਨ੍ਹਾਂ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਸ਼ਾਮਲ ਹੈ। ਇਹ ਤਿੰਨੇ ਬੱਚੇ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਉਨ੍ਹਾਂ ਦਾ ਹਸਪਤਾਲ ਦੇ ਸਟਾਫ਼ ਵੱਲੋਂ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਸਰਕਾਰੀ ਹਸਪਤਾਲ ਖਰੜ ਦੇ ਐਸਐਮਓ ਡਾ. ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਚਾਰ ਬੱਚਿਆਂ ਨੇ ਜਨਮ ਲਿਆ ਹੈ, ਜਿਨ੍ਹਾਂ ਵਿੱਚ ਇੱਕ ਲੜਕੀ ਅਤੇ ਤਿੰਨ ਲੜਕੇ ਹਨ। ਉਨ੍ਹਾਂ ਦੱਸਿਆ ਕਿ ਬੱਚਾ-ਜ਼ੱਚਾ ਪੂਰੀ ਤਰ੍ਹਾਂ ਤੰਦਰੁਸਤ ਹਨ।
ਛੋਟੀ ਕਰੌਰ ’ਚ ਪੁਆਧੀ ਗਾਇਕਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੇ ਪਿੰਡ ਛੋਟੀ ਕਰੌਰ ਵਿੱਚ ਅੱਜ ਨਵੇਂ ਸਾਲ ਮੌਕੇ ਗੁੱਗਾ ਮਾੜੀ ਦੇ ਮੰਦਰ ਵਿੱਚ ਸਲਾਨਾ ਭੰਡਾਰਾ ਸਥਾਨਕ ਪ੍ਰਬੰਧਕਾਂ ਵੱਲੋਂ ਕਰਵਾਇਆ ਗਿਆ। ਇਸੇ ਦੌਰਾਨ ਭਗਤ ਗੁਰਮੀਤ ਸਿੰਘ ਰੋਡਾ ਸੁਹਾਣਾ ਵਾਲਿਆਂ ਦੀ ਮੰਡਲੀ ਨੇ ਪਰਾਤਨ ਗਾਇਕੀ ਦਾ ਖੁੱਲ੍ਹਾ ਅਖਾੜਾ ਲਾਇਆ। ਸ਼ਾਮ ਵੇਲੇ ਗੁਰਸੇਵਕ ਲਵਲੀ ਮੌਲਗੜ੍ਹ ਅੰਬਾਲਾ ਦੇ ਨਾਥ ਸਵੱਈਆ ਗਰੁੱਪ ਨੇ ਜਾਹਰ ਬੀਰ ਗੁੱਗਾ ਜੀ ਦਾ ਪ੍ਰਸੰਗ ਇਕੱਠੇ ਹੋਏ ਭਗਤਾਂ ਨੂੰ ਸਣਾਉਂਦਿਆਂ ਚੌਕੀ ਲਗਾਈ। ਪ੍ਰਬੰਧਕਾਂ ਵੱਲੋਂ ਸਾਰੇ ਪੁਆਧੀ ਗਾਇਕਾਂ ਸਮੇਤ ਸਵੱਈਆਂ ਨਾਥਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਮੇਅਰ ਅਤੇ ਕਮਿਸ਼ਨਰ ਵੱਲੋਂ ਵਧਾਈਆਂ
ਚੰਡੀਗੜ੍ਹ (ਮੁਕੇਸ਼ ਕੁਮਾਰ): ਚੰਡੀਗੜ੍ਹ ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਅਤੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਨਵੇਂ ਸਾਲ 2025 ਦੇ ਪਹਿਲੇ ਦਿਨ ਇੱਥੋਂ ਦੇ ਸੈਕਟਰ 17 ਸਥਿਤ ਫਾਇਰ ਐਂਡ ਰੈਸਕਿਊ ਸਰਵਿਸਿਜ਼ ਵਿਭਾਗ ਵਿਖੇ ਰੱਖੇ ਅਖੰਡ ਪਾਠ ਮੌਕੇ ਸ਼ਾਂਤੀ, ਸਦਭਾਵਨਾ ਅਤੇ ਤਰੱਕੀ ਅਤੇ ਸ਼ਹਿਰ ਵਾਸੀਆਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਮੇਅਰ ਅਤੇ ਕਮਿਸ਼ਨਰ ਨੇ ਨਿਗਮ ਦੇ ਕਰਮਚਾਰੀਆਂ ਅਤੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ 2025 ਖੁਸ਼ਹਾਲ, ਸ਼ਾਂਤੀਪੂਰਨ ਅਤੇ ਖੁਸ਼ਹਾਲ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਮੌਜੂਦਾ ਬੁਨਿਆਦੀ ਢਾਂਚੇ ਦੇ ਅਪਗ੍ਰੇਡੇਸ਼ਨ ਅਤੇ ਕੁਸ਼ਲਤਾ ਨੂੰ ਵਧਾਉਣ ਲਈ ਸੇਵਾਵਾਂ ਵਿੱਚ ਉੱਨਤ ਤਕਨਾਲੋਜੀ ਦੇ ਏਕੀਕਰਨ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੀ ਵਚਨਬੱਧਤਾ ਨੂੰ ਦੁਹਰਾਇਆ। ਮੇਅਰ ਅਤੇ ਕਮਿਸ਼ਨਰ ਨੇ ਵੱਖ-ਵੱਖ ਵਿੰਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਾਲ ਲਈ ਚੰਗੀ ਸਿਹਤ, ਸ਼ਾਂਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।