ਬਰਾਰੀ ਤੇ ਕੰਚੇੜਾ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ
ਬਲਵਿੰਦਰ ਰੈਤ
ਨੰਗਲ, 25 ਜੂਨ
ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ-13 ਅਧੀਨ ਪੈਂਦੇ ਪਿੰਡ ਬਰਾਰੀ ਅਤੇ ਕੰਚੇੜਾ ਦੀ 1300 ਦੇ ਕਰੀਬ ਆਬਾਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਪਿੰਡ ਵਾਸੀਆਂ ਪ੍ਰੀਤਮ ਸਿੰਘ ਬਰਾਰੀ, ਧਰਮਪਾਲ ਸੋਢੀ, ਤਰਨਜੀਤ ਸਿੰਘ, ਬਲਰਾਜ ਕੁਮਾਰ, ਬਲਜੀਤ ਕੌਰ, ਸ਼ਿਵਾਨੀ, ਬ੍ਰਿਜ ਭੂਸ਼ਣ ਅਤੇ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਪਿੰਡ ਬਰਾਰੀ ਅਤੇ ਕੰਚੇੜਾ ਨੂੰ ਇੱਕ ਹੀ ਟਿਊਬਵੈੱਲ ਤੋਂ ਜਲ ਸਪਲਾਈ ਹੁੰਦੀ ਹੈ। ਨਗਰ ਕੌਂਸਲ ਨੰਗਲ ਨੇ ਸੀਵਰੇਜ ਬੋਰਡ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਟਿਊਬਵੈੱਲ ਦੀ ਮੋਟਰ ਸੜ ਗਈ ਜਿਸ ਨੂੰ ਵਿਭਾਗ ਵੱਲੋਂ ਠੀਕ ਨਹੀਂ ਕਰਵਾਇਆ ਗਿਆ। ਇਸ ਕਾਰਨ ਪੀਣ ਵਾਲੇ ਪਾਣੀ ਨੂੰ ਵੀ ਤਰਸ ਗਏ ਹਨ। ਦੱਸਣਯੋਗ ਹੈ ਕਿ ਇਹ ਦੋਵੇਂ ਪਿੰਡ ਦਰਿਆ ਤੇ ਨਹਿਰ ਦੇ ਵਿਚਕਾਰ ਵੱਸੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਡੁੱਬਣ ਨੂੰ ਤਾਂ ਪਾਣੀ ਹੈ ਪਰ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਲੋਕਾਂ ਨੇ ਕਿਹਾ ਕਿ ਜੇ ਪੀਣ ਵਾਲੇ ਪਾਣੀ ਦੀ ਸਪਲਾਈ ਜਲਦੀ ਮੁਹੱਈਆ ਨਹੀਂ ਕੀਤੀ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ।
ਪੀਣ ਵਾਲੇ ਪਾਣੀ ਲਈ ਬਦਲਵੇਂ ਪ੍ਰਬੰਧ ਕੀਤੇ: ਐੱਸਡੀਐੱਮ
ਐੱਸਡੀਐੱਮ ਨੰਗਲ ਸਚਿਨ ਪਾਠਕ ਨੇ ਕਿਹਾ ਕਿ ਦੋਵਾਂ ਪਿੰਡਾਂ ਦੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਹਨ। ਉਨ੍ਹਾਂ ਮੰਨਿਆ ਕਿ ਟਿਊਬਵੈੱਲ ਦੀ ਮੋਟਰ ਖ਼ਰਾਬ ਹੋਣ ਕਾਰਨ ਪਾਣੀ ਦੀ ਦਿੱਕਤ ਆ ਰਹੀ ਹੈ, ਇਸ ਨੂੰ ਜਲਦੀ ਠੀਕ ਕੀਤਾ ਜਾ ਰਿਹਾ ਹੈ।