ਲੋਕਾਂ ਨੇ ਆਰਐੱਮਸੀ ਪਲਾਂਟ ਦੇ ਗੇਟ ਨੂੰ ਤਾਲਾ ਜੜਿਆ
ਮੁਹਾਲੀ ਦੇ ਸ਼ਾਹੀਮਾਜਰਾ ਨੇੜੇ ਨਗਰ ਨਿਗਮ ਵੱਲੋਂ ਕੂੜਾ ਕਰਕਟ ਨੂੰ ਪ੍ਰੋਸੈੱਸ ਕਰਨ ਲਈ ਲਗਾਏ ਪਲਾਂਟ ਨੂੰ ਪਿਛਲੇ ਲੰਮੇ ਸਮੇਂ ਤੋਂ ਇੱਥੋਂ ਚੁਕਾਉਣ ਲਈ ਚਾਰਾਜ਼ੋਈ ਕਰ ਰਹੇ ਫੇਜ਼-4, 5 ਅਤੇ ਸ਼ਾਹੀਮਾਜਰਾ ਤੇ ਸਨਅਤੀ ਖੇਤਰ ਦੇ ਵਸਨੀਕਾਂ ਨੇ ਅੱਜ ਆਰਐੱਮਸੀ (ਰਿਸੌਰਸ ਮੈਨੇਜਮੈਂਟ ਸੈਂਟਰ) ਪਲਾਂਟ ਦੇ ਗੇਟ ਨੂੰ ਜ਼ਿੰਦਰਾ ਲਾ ਦਿੱਤਾ। ਇਸ ਮੌਕੇ ਨਗਰ ਨਿਗਮ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਫੇਜ਼-5 ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਸਿੰਘ, ਸਾਬਕਾ ਪ੍ਰਧਾਨ ਐੱਸਕੇ ਗੋਇਲ, ਜਨਰਲ ਸਕੱਤਰ ਰੁਪਿੰਦਰ ਸਿੰਘ, ਸਾਬਕਾ ਪ੍ਰਧਾਨ ਜੋਗਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪਲਾਂਟ ਨੇ ਇਸ ਖੇਤਰ ਦੇ ਵਸਨੀਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਕੂੜੇ ਕਰਕਟ ਦੀਆਂ ਭਰੀਆਂ ਗੱਡੀਆਂ ਆਉਂਦੀਆਂ ਹਨ ਅਤੇ ਸੜਕਾਂ ’ਤੇ ਕੂੜਾ ਖਿੱਲਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ ਕਰਨ ਸਮੇਂ ਬਦਬੂ ਮਾਰਦੀ ਹੈ, ਮੱਛਰ-ਮੱਖੀਆਂ ਦੀ ਭਰਮਾਰ ਹੈ, ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਨਿਗਮ ਦੇ ਸਮੁੱਚੇ ਅਧਿਕਾਰੀਆਂ, ਮੇਅਰ, ਵਿਧਾਇਕ ਸਾਰਿਆਂ ਨੂੰ ਦਰਖ਼ਾਸਤਾਂ ਦੇ ਚੁੱਕੇ ਹਨ ਪਰ ਉਨ੍ਹਾਂ ਨੂੰ ਭਰੋਸਿਆਂ ਤੋਂ ਬਿਨਾਂ ਕੁੱਝ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਅੱਜ ਸਾਰਿਆਂ ਨੇ ਸਹਿਮਤੀ ਨਾਲ ਇਸ ਪਲਾਂਟ ਨੂੰ ਜ਼ਿੰਦਰਾ ਲਾਉਣ ਦਾ ਫੈਸਲਾ ਕੀਤਾ ਹੈ ਅਤੇ ਉਹ ਇੱਥੇ ਦਿਨ-ਰਾਤ ਧਰਨਾ ਦੇਣਗੇ। ਉਨ੍ਹਾਂ ਕਿਹਾ ਕਿ ਪਲਾਂਟ ਵਿਚ ਕੋਈ ਵੀ ਵਾਹਨ ਨਹੀਂ ਵੜਨ ਦੇਣਗੇ ਅਤੇ ਜੇਕਰ ਕਿਸੇ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਰ-ਪਾਰ ਦੀ ਲੜਾਈ ਲੜਨਗੇ ਅਤੇ ਜਦੋਂ ਤੱਕ ਇਹ ਪਲਾਂਟ ਇੱਥੋਂ ਚੁੱਕਿਆ ਨਹੀਂ ਜਾਂਦਾ, ਉਦੋਂ ਤੱਕ ਉਹ ਨਾ ਤਾਂ ਗੇਟ ਦਾ ਜ਼ਿੰਦਰਾ ਖੋਲ੍ਹਣਗੇ ਅਤੇ ਨਾ ਹੀ ਉਹ ਇੱਥੋਂ ਧਰਨਾ ਚੁੱਕਣਗੇ। ਉਨ੍ਹਾਂ ਕਿਹਾ ਕਿ ਉਹ ਮਾਮਲਾ ਗਰੀਨ ਟ੍ਰਿਬਿਊਨਲ ਕੋਲ ਵੀ ਉਠਾਉਣਗੇੇ।
ਧਰਨੇ ਵਿਚ ਮੇਅਰ ਤੇ ਡਿਪਟੀ ਮੇਅਰ ਵੱਲੋਂ ਸ਼ਿਰਕਤ
ਮੁਹਾਲੀ ਦੇ ਫੇਜ਼-4, ਫੇਜ਼-5 ਦੀਆਂ ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨਾਂ ਦੀ ਅਗਵਾਈ ਹੇਠ ਇਸ ਤੋਂ ਪਹਿਲਾਂ ਇੱਥੇ ਧਰਨਾ ਵੀ ਲਗਾਇਆ ਗਿਆ। ਧਰਨੇ ਵਿਚ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਵੀ ਸ਼ਿਰਕਤ ਕੀਤੀ। ਸਾਰਿਆਂ ਨੇ ਇਸ ਮੁੱਦੇ ਉੱਤੇ ਧਰਨਾਕਾਰੀਆਂ ਦੀ ਹਮਾਇਤ ਕੀਤੀ। ਮੇਅਰ ਜੀਤੀ ਸਿੱਧੂ ਨੇ ਧਰਨਾਕਾਰੀਆਂ ਨੂੰ 30 ਸਤੰਬਰ ਤੱਕ ਇੱਥੋਂ ਖ਼ੁਦ ਆਰਐਮਸੀ ਪਲਾਂਟ ਚੁਕਵਾਉਣ ਦਾ ਭਰੋਸਾ ਦਿਵਾਇਆ ਪਰ ਧਰਨਾਕਾਰੀਆਂ ਨੇ ਅੱਜ ਹੀ ਗੇਟ ਨੂੰ ਜ਼ਿੰਦਰਾ ਲਗਾ ਦਿੱਤਾ।