ਜ਼ੀਰਕਪੁਰ ’ਚ ਬਿਜਲੀ ਅਤੇ ਪਾਣੀ ਦੀ ਕਿੱਲਤ ਤੋਂ ਲੋਕ ਪ੍ਰੇਸ਼ਾਨ
ਜ਼ੀਰਕਪੁਰ, 12 ਜੂਨ
ਅਤਿ ਦੀ ਗਰਮੀ ਵਿੱਚ ਪਾਵਰਕੋਮ ਸ਼ਹਿਰ ਵਿੱਚ ਬਿਜਲੀ ਸਪਲਾਈ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ। ਸ਼ਹਿਰ ਵਿੱਚ ਬਿਜਲੀ ਅਤੇ ਪਾਣੀ ਦੀ ਕਿੱਲਤ ਤੋਂ ਅੱਕੇ ਲੋਕਾਂ ਨੇ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਨੇ ਪਾਵਰਕੌਮ ਅਤੇ ਵਾਟਰ ਸਪਲਾਈ ਮਹਿਕਮੇ ਦਾ ਪਿੱਟ ਸਿਆਪਾ ਕੀਤਾ।
ਜਾਣਕਾਰੀ ਅਨੁਸਾਰ ਬਲਟਾਣਾ ਦੇ ਰਵਿੰਦਰ ਐਨਕਲੇਵ ਵਿੱਚ ਲੋਕਾਂ ਨੇ ਪਾਵਰਕੌਮ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਦੋਸ਼ ਲਾਇਆ ਕਿ ਲੰਘੇ 15 ਦਿਨਾਂ ਤੋਂ ਕਲੋਨੀ ਵਿੱਚ ਬਿਜਲੀ ਦੀ ਅੱਖ ਮਚੋਲੀ ਜਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਰੇ ਦਿਨ ਵਿੱਚ ਕੁਝ ਸਮਾਂ ਲਈ ਹੀ ਬਿਜਲੀ ਸਪਲਾਈ ਆਉਂਦੀ ਹੈ ਜਦਕਿ ਬਾਕੀ ਸਾਰਾ ਸਮਾਂ ਠੱਪ ਰਹਿੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਵਰਕੌਮ ਵੱਲੋਂ ਵਾਰ-ਵਾਰ ਮੰਗ ਕਰਨ ’ਤੇ ਵੀ ਉਨ੍ਹਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਸਿੱਟੇ ਵਜੋਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਕਲੋਨੀ ਵਿੱਚ ਲੋੜ ਦੇ ਹਿਸਾਬ ਨਾਲ ਟਰਾਂਸਫਾਰਮਰ ਨਹੀਂ ਰੱਖਿਆ ਹੋਇਆ ਜਿਸ ਕਾਰਨ ਇਹ ਦੀ ਪ੍ਰੇਸ਼ਾਨੀ ਆ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬਿਜਲੀ ਦੀ ਕਿੱਲਤ ਕਾਰਨ ਪਾਣੀ ਦੀ ਵੀ ਸਪਲਾਈ ਪੂਰੀ ਤਰ੍ਹਾਂ ਠੱਪ ਪਈ ਹੈ ਅਤੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ। ਪਾਣੀ ਦੀ ਕਿੱਲਤ ਦੂਰ ਕਰਨ ਲਈ ਆਪਣੇ ਪੈਸੇ ਖ਼ਰਚ ’ਤੇ ਨਿੱਜੀ ਟੈਂਕਰ ਮੰਗਵਾਉਣੇ ਪੈ ਰਹੇ ਹਨ। ਦੂਜੇ ਪਾਸੇ ਢਕੋਲੀ ਦੇ ਐੱਮਐੱਸ ਐਨਕਲੇਵ ਵਿੱਚ ਵੀ ਬਿਜਲੀ ਅਤੇ ਪਾਣੀ ਦੀ ਕਿੱਲਤ ਬਣੀ ਹੋਈ ਹੈ। ਲੋਕਾਂ ਨੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਕਲੋਨੀ ਵਿੱਚ ਲੰਘੇ ਇੱਕ ਹਫ਼ਤੇ ਤੋਂ ਬਿਜਲੀ ਦੀ ਸਪਲਾਈ ਦੀ ਹਾਲਤ ਬਹੁਤ ਮਾੜੀ ਬਣੀ ਹੋਈ ਹੈ। ਪਾਵਰਕੌਮ ਵੱਲੋਂ ਬਿਨਾਂ ਅਗਾਊਂ ਜਾਣਕਾਰੀ ਦਿੱਤੇ ਸਾਰਾ-ਸਾਰਾ ਦਿਨ ਬਿਜਲੀ ਦੇ ਅਣਐਲਾਨੇ ਕੱਟ ਲਾਏ ਜਾ ਰਹੇ ਹਨ। ਬਿਜਲੀ ਨਾ ਹੋਣ ਕਰਕੇ ਪਾਣੀ ਦੀ ਵੀ ਕਿੱਲਤ ਬਣੀ ਹੋਈ ਹੈ।
ਪਾਵਰਕੌਮ ਦੇ ਐਕਸੀਅਨ ਸੁਰਿੰਦਰ ਸਿੰਘ ਨੇ ਕਿਹਾ ਕਿ ਲੋੜ ਵਧਣ ਕਾਰਨ ਕਿਸੇ-ਕਿਸੇ ਪਾਸੇ ਤਕਨੀਕੀ ਨੁਕਸ ਆ ਜਾਂਦਾ ਹੈ ਜਿਸ ਦੀ ਜਾਣਕਾਰੀ ਮਿਲਣ ਮਗਰੋਂ ਦੂਰ ਕਰਵਾ ਦਿੱਤਾ ਜਾਂਦਾ ਹੈ।
ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ
ਖਰੜ (ਸ਼ਸ਼ੀ ਪਾਲ ਜੈਨ): ਇੱਥੇ ਹਲਕਾ ਖਰੜ ਉਪ ਮੰਡਲ ਅਧੀਨ ਸ਼ਹਿਰੀ ਖੇਤਰ ’ਚ ਤੇ ਹੋਰ ਕਈ ਖੇਤਰਾਂ ਵਿੱਚ ਦੋ ਦਿਨ ਤੋਂ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹਨ। ਸੀਨੀਅਰ ਕਾਂਗਰਸੀ ਆਗੂ ਹਲਕਾ ਖਰੜ ਕਮਲ ਕਿਸੋਰ ਸ਼ਰਮਾ ਨੇ ਦੱਸਿਆ ਕਿ ਦੋ ਦਿਨ ਤੋਂ ਖਰੜ ਫੀਡਰ ਅਧੀਨ ਸਾਰੇ ਖੇਤਰ ’ਚ ਅਣ-ਐਲਾਨੇ ਬਿਜਲੀ ਕੱਟ ਲਗਾਏ ਜਾ ਰਹੇ ਹਨ ਅਤੇ ਬਿਜਲੀ ਨਾ ਆਉਣ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਗਏ ਹਨ। ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਝੋਨੇ ਦੀ ਫ਼ਸਲ ਨੂੰ ਪਾਣੀ ਦੇਣ ਲਈ ਮਜਬੂਰ ਹਨ। ਉਨਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਮਸਲੇ ਦਾ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ।