ਦੂਸ਼ਿਤ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 14 ਜੁਲਾਈ
ਨੱਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੇ ਲਗਭਗ ਸਾਰੇ ਇਲਾਕਿਆਂ ਵਿੱਚ ਲੋਕਾਂ ਦੇ ਪਲਾਟਾਂ, ਸੜਕਾਂ ਤੇ ਗਲੀਆਂ ਕਿਨਾਰੇੇ ਲੱਗੇ ਕੂੜੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ ਹਨ। ਸੀਵਰੇਜ ਓਵਰਫਲੋਅ ਹੋਣ ਕਾਰਨ ਦੂਸ਼ਿਤ ਪਾਣੀ ਗਲੀਆਂ ’ਚ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਭਿਆਨਕ ਬਿਮਾਰੀਆਂ ਫ਼ੈਲਣ ਦਾ ਖਦਸ਼ਾ ਬਣਿਆ ਹੋਇਆ ਹੈ।
ਸੀਵਰੇਜ ਦੇ ਕਈ ਮੈਨਹੋਲ ਦੇ ਢੱਕਣ ਗਾਇਬ ਹਨ। ਨਗਰ ਕੌਂਸਲ ਦੀ ਕਥਿਤ ਘਟੀਆ ਕਾਰਗੁਜ਼ਾਰੀ ਨੂੰ ਲੋਕ ਕੋਸ ਰਹੇ ਹਨ। ਜੋਗਿੰਦਰ ਪਾਲ ਕਾਨੇ ਦਾ ਵਾੜਾ, ਕ੍ਰਿਸ਼ਨ ਬਿੱਲਾ, ਬਲਜੀਤ ਸਿੰਘ ਖਾਲਸਾ, ਹਰਮੇਸ਼ ਸਿੰਘ ਅਤੇ ਉਮੇਸ਼ ਕੁਮਾਰ ਨੇ ਕਿਹਾ ਕਿ ਬਾਜ਼ਾਰ ਵਿੱਚ ਖਰੀਦੋ-ਫਰੋਖਤ ਲਈ ਲੋਕਾਂ ਦਾ ਆਉਣ-ਜਾਣ ਬਣਿਆ ਰਹਿੰਦਾ ਹੈ ਪਰ ਦੂਸ਼ਿਤ ਪਾਣੀ ਅਤੇ ਕੂੜੇ ਦੇ ਢੇਰਾਂ ਤੋਂ ਮਾਹੌਲ ਖ਼ਰਾਬ ਹੋ ਗਿਆ ਹੈ। ਲੋਕਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਕੋਲੋਂ ਕੂੜੇ ਦੇ ਢੇਰਾਂ ਨੂੰ ਪਹਿਲ ਦੇ ਆਧਾਰ ’ਤੇ ਚਕਾਉਣ ਅਤੇ ਸੜਕਾਂ, ਗਲੀਆਂ, ਨਾਲੀਆਂ ਵਿੱਚੋਂ ਵਗਦੇ ਦੂਸ਼ਿਤ ਪਾਣੀ ਤੇ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਕਰਵਾਉਣ ਦੀ ਮੰਗ ਕੀਤੀ ਹੈ।