ਸਬ ਤਹਿਸੀਲ ਬਨੂੜ ਦੇ ਦਫ਼ਤਰ ਵਿੱਚ ਰਜਿਸਟਰੀਆਂ ਦੀ ਅਪਰੂਵਲ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ ਹਨ। ਦਰਜਨ ਤੋਂ ਵੱਧ ਵਸਨੀਕਾਂ ਨੇ ਇਸ ਸਬੰਧੀ ਐੱਫ ਸੀ ਆਰ ਨੂੰ ਲਿਖ਼ਤੀ ਸ਼ਿਕਾਇਤ ਭੇਜ ਕੇ ਪੁਖ਼ਤਾ ਪ੍ਰਬੰਧਾਂ ਦੀ ਮੰਗ ਕੀਤੀ ਹੈ। ਪ੍ਰੀਤਇੰਦਰ ਸਿੰਘ ਢੀਂਡਸਾ, ਗੁਰਜਿੰਦਰ ਸਿੰਘ, ਪਰਮਜੀਤ ਸਿੰਘ, ਅਵਤਾਰ ਸਿੰਘ ਬਬਲਾ, ਜਗਤਾਰ ਸਿੰਘ, ਨਰੇਸ਼ ਕੁਮਾਰ, ਜ਼ੋਰਾ ਸਿੰਘ, ਸਿਕੰਦਰ ਸਿੰਘ, ਸੁਖਦੇਵ ਸਿੰਘ ਆਦਿ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿਚ ਐਫ਼ਸੀਆਰ ਨੂੰ ਭੇਜੀ ਸ਼ਿਕਾਇਤ ਜਾਰੀ ਕੀਤੀ। ਉਨ੍ਹਾਂ ਦੋਸ਼ ਲਾਇਆ ਇੱਥੇ ਤਾਇਨਾਤ ਨਾਇਬ ਤਹਿਸੀਲਦਾਰ ਬੇਲੋੜੇ ਇਤਰਾਜ਼ ਲਗਾ ਕੇ ਰਜਿਸਟਰੀਆਂ ਦੀ ਅਵਰੂਵਲ ਰਿਜੈਕਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਰਜਿਸਟਰੀਆਂ ਲਈ ਅਪਲੋਡ ਹੋਈਆਂ 29 ਅਪਰੈਵਲਾਂ ਵਿੱਚੋਂ 18 ਅਪਰੈਵਲਾਂ ਰਿਜੈਕਟ ਕਰ ਦਿੱਤੀਆਂ ਗਈਆਂ ਅਤੇ ਸਿਰਫ਼ ਨੌਂ ਰਜਿਸਟਰੀਆਂ ਹੀ ਹੋ ਸਕੀਆਂ।
ਉਨ੍ਹਾਂ ਕਿਹਾ ਕਿ ਜਿਹੜੇ ਇਤਰਾਜ਼ ਲਗਾਏ ਜਾਂਦੇ ਹਨ, ਉਨ੍ਹਾਂ ਵਿਚ ਫ਼ਰਦ ਮਾਰਕ ਨਾ ਹੋਣਾ, ਗਿਰਦਾਵਰੀ ਅਪਲੋਡ ਨਾ ਹੋਣਾ, ਸਬ ਡਿਵੀਜ਼ਨ ਆਫ਼ ਪ੍ਰਾਪਰਟੀ, ਤਬਦੀਲ ਮਲਕੀਅਤ ਰਜਿਸਟਰੀ ਵਿਚ ਗਵਾਹੀ ਦੇ ਆਧਾਰ ਕਾਰਡ ਅਪਲੋਡ ਨਾ ਹੋਣਾ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਅਪਰੂਵਲ ਨਾ ਦੇਣ ਸਬੰਧੀ ਹੀ ਅਜਿਹੇ ਇਤਰਾਜ਼ ਜੋੜ ਦਿੱਤੇ ਜਾਂਦੇ ਹਨ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਸਾਰੇ ਮਾਮਲੇ ਵਿਚ ਦਖ਼ਲ ਦੀ ਮੰਗ ਕਰਦਿਆਂ ਬਨੂੜ ਸਬ ਤਹਿਸੀਲ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਤੁਰੰਤ ਰਜਿਸਟਰੀਆਂ ਅਪਰੂਵ ਕਰਨ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਆਖਿਆ।
ਸਾਰਾ ਕੁਝ ਨਿਯਮਾਂ ਅਨੁਸਾਰ ਹੋ ਰਿਹਾ ਹੈ: ਨਾਇਬ ਤਹਿਸੀਲਦਾਰ
ਇਸ ਮਾਮਲੇ ਸਬੰਧੀ ਬਨੂੜ ਦੀ ਨਾਇਬ ਤਹਿਸੀਲਦਾਰ ਅੰਮ੍ਰਿਤਾ ਅਗਰਵਾਲ ਨੇ ਕਿਹਾ ਕਿ ਬਿਨਾਂ ਕਿਸੇ ਕਾਰਨ ਤੋਂ ਕੋਈ ਅਪਰੂਵਲ ਰਿਜੈਕਟ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਰੱਦ ਕਰਨ ਦੇ ਕਾਰਨ ਦਰਜ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੱਲ 14 ਅਪਰੂਵਲਾਂ ਦਿੱਤੀਆਂ ਹਨ।
Advertisement
Advertisement
Advertisement
Advertisement
×