ਕੂੜੇ ਵਾਲੀਆਂ ਅਣਢੱਕੀਆਂ ਟਰੈਕਰ-ਟਰਾਲੀਆਂ ਤੋਂ ਲੋਕ ਪ੍ਰੇਸ਼ਾਨ
ਚਮਕੌਰ ਸਾਹਿਬ ਨਗਰ ਕੌਂਸਲ ਨੂੰ ਅਜੇ ਪਿਛਲੇ ਮਹੀਨੇ ਹੀ ਛੋਟੇ ਸ਼ਹਿਰਾਂ ਦੇ ਵਰਗ ਵਿੱਚ ਸਵੱਛਤਾ ਅਧੀਨ ਪਹਿਲਾ ਸਥਾਨ ਹਾਸਿਲ ਹੋਇਆ ਹੈ ਪਰ ਸ਼ਹਿਰ ਦੇ 13 ਵਾਰਡਾਂ ਵਿੱਚੋਂ ਕੂੜਾ ਚੁੱਕ ਕੇ ਖੁੱਲ੍ਹੇ ਵਿੱਚ ਸੁੱਟੇ ਕੂੜੇ ਕੋਲੋ ਲੰਘਣਾ ਮੁਸ਼ਕਲ ਦੇ ਸਿਰਲੇਖ ਹੇਠ...
ਚਮਕੌਰ ਸਾਹਿਬ ਨਗਰ ਕੌਂਸਲ ਨੂੰ ਅਜੇ ਪਿਛਲੇ ਮਹੀਨੇ ਹੀ ਛੋਟੇ ਸ਼ਹਿਰਾਂ ਦੇ ਵਰਗ ਵਿੱਚ ਸਵੱਛਤਾ ਅਧੀਨ ਪਹਿਲਾ ਸਥਾਨ ਹਾਸਿਲ ਹੋਇਆ ਹੈ ਪਰ ਸ਼ਹਿਰ ਦੇ 13 ਵਾਰਡਾਂ ਵਿੱਚੋਂ ਕੂੜਾ ਚੁੱਕ ਕੇ ਖੁੱਲ੍ਹੇ ਵਿੱਚ ਸੁੱਟੇ ਕੂੜੇ ਕੋਲੋ ਲੰਘਣਾ ਮੁਸ਼ਕਲ ਦੇ ਸਿਰਲੇਖ ਹੇਠ ਪੰਜਾਬੀ ਟ੍ਰਿਬਿਊਨ ਵੱਲੋਂ ਅੱਜ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ।
ਇਸ ਖ਼ਬਰ ਦੇ ਅਸਰ ਕਰਦਿਆ ਨਗਰ ਕੌਂਸਲ ਵੱਲੋਂ ਉਕਤ ਸਥਾਨ ਤੋਂ ਕੂੜਾ ਚੁਕਾਉਣਾ ਤਾਂ ਸ਼ੁਰੂ ਕਰ ਦਿੱਤਾ ਪਰ ਕੂੜੇ ਵਾਲੀਆਂ ਟਰੈਕਟਰ ਟਰਾਲੀਆਂ ਇਸ ’ਤੇ ਪ੍ਰਸ਼ਨ ਚਿੰਨ ਲਾ ਰਹੀਆਂ ਹਨ। ਚਮਕੌਰ ਸਾਹਿਬ ਨਗਰ ਕੌਂਸਲ ਦੇ 13 ਵਾਰਡਾਂ ਵਿੱਚੋਂ ਕੂੜਾ ਚੁੱਕਣ ਵਾਲੀਆਂ ਅਣਢੱਕੀਆਂ ਟਰਾਲੀਆਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ।
ਟਰੈਕਟਰਾਂ ਦੇ ਪਿੱਛੇ ਟਰਾਲੀਆਂ ਅਣਢੱਕੀਆਂ ਹੋਣ ਕਾਰਨ ਇਨ੍ਹਾਂ ਵਿੱਚੋਂ ਬਹੁਤ ਸਾਰਾ ਕੂੜਾ ਰਾਹ ਵਿੱਚ ਡਿੱਗ ਪੈਂਦਾ ਹੈ, ਜਿਸ ਨਾਲ ਬਦਬੂ ਫੈਲ ਜਾਂਦੀ ਹੈ। ਬਰਸਾਤ ਦਾ ਮੌਸਮ ਚਲਦੇ ਹੋਣ ਕਾਰਨ ਸੰਬੰਧਤ ਕਰਮਚਾਰੀਆਂ ਦੀਆਂ ਅਜਿਹੀਆਂ ਅਣਗਹਿਲੀਆਂ ਸਦਕਾ ਬਿਮਾਰੀ ਫੈਲਣ ਦਾ ਵੀ ਖਦਸ਼ਾ ਹੈ।
ਸ਼ਹਿਰ ਵਾਸੀਆਂ ਜਿਨ੍ਹਾਂ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ, ਮਾਸਟਰ ਰਣਜੀਤ ਸਿੰਘ ਹਵਾਰਾ ਅਤੇ ਬਾਈ ਪਰਮਿੰਦਰ ਸਿੰਘ ਸੇਖੋ ਆਦਿ ਨੇ ਮੰਗ ਕੀਤੀ ਹੈ ਕਿ ਕੂੜਾ ਚੁੱਕਣ ਵਾਲੀਆਂ ਟਰਾਲੀਆਂ ਅਤੇ ਉਨ੍ਹਾਂ ’ਤੇ ਕੰਮ ਕਰਦੇ ਕਾਮਿਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਟਰਾਲੀਆਂ ਨੂੰ ਢੱਕ ਕੇ ਸਹੀ ਢੰਗ ਨਾਲ ਕੂੜੇ ਦਾ ਪ੍ਰਬੰਧਨ ਕਰਨ ਤਾਂ ਜੋ ਕਿ ਸ਼ਹਿਰ ਨਿਵਾਸੀ ਇਹ ਸਮੱਸਿਆ ਤੋਂ ਨਿਜਾਤ ਹਾਸਿਲ ਕਰ ਸਕਣ ਅਤੇ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਹਰ ਵਾਰ ਸਵੱਛਤਾ ਵਿੱਚ ਪਹਿਲੇ ਸਥਾਨ ’ਤੇ ਆਵੇ।

