ਦੂਸ਼ਿਤ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹਗੀਰ ਔਖੇ
ਸੰਜੀਵ ਤੇਜਪਾਲ
ਮੋਰਿੰਡਾ, 9 ਜੁਲਾਈ
ਨਗਰ ਕੌਂਸਲ ਮੋਰਿੰਡਾ ਵੱਲੋਂ ਦੂਸ਼ਿਤ ਪਾਣੀ ਦੀ ਨਿਕਾਸੀ ਦਾ ਸਹੀ ਯੋਗ ਪ੍ਰਬੰਧ ਨਾ ਹੋਣ ਕਾਰਨ ਮੋਰਿੰਡਾ-ਚੁੰਨੀ ਸੜਕ ਵਿਚਾਲੇ ਖੱਡੇ ਪੈ ਗਏ ਹਨ, ਜਿਸ ਕਾਰਨ ਰਾਹਗੀਰ ਪ੍ਰੇਸ਼ਾਨ ਹਨ।
ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਅੰਮ੍ਰਿਤਪਾਲ ਸਿੰਘ ਖੱਟੜਾ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਕੌਂਸਲਰ ਰਿੰਪੀ ਕੁਮਾਰ, ਸੀਨੀਅਰ ਅਕਾਲੀ ਆਗੂ ਜੁਗਰਾਜ ਸਿੰਘ ਮਾਨਖੇੜੀ ਨੇ ਦੱਸਿਆ ਕਿ ਇਹ ਸੜਕ ਜੋ ਸ਼ਹਿਰ ਦੇ ਵਾਰਡ ਨੰਬਰ 6 ਵਿੱਚੋਂ ਲੰਘਦਿਆਂ ਅੱਗੋਂ ਪਿੰਡ ਮੰਡਾ, ਦਾਤਾਰਪੁਰ, ਕਲਹੇੜੀ, ਰਤਨਗੜ੍ਹ, ਭਟੇੜੀ, ਹਿੰਮਤਪੁਰਾ, ਸਿੱਲ ਅਤੇ ਗੜਾਂਗਾਂ ਤੋਂ ਹੁੰਦੀ ਅੱਗੇ ਚੁੰਨੀ-ਰਾਜਪੁਰਾ ਤੱਕ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋ ਬਰਸਾਤੀ ਪਾਣੀ ਦੀ ਨਿਕਾਸੀ ਲਈ 49.55 ਲੱਖ ਰੁਪਏ ਪ੍ਰਵਾਨ ਕਰਨ ਦੇ ਬਾਵਜੂਦ ਇਸ ਪੁਲੀ ਦੇ ਅੱਗੇ ਫਸੀ ਬੂਟੀ ਦੀ ਸਫਾਈ ਨਾ ਕਰਵਾਉਣ ਕਾਰਨ ਜਿੱਥੇ ਇਹ ਸੜਕ ਟੁੱਟ ਕੇ ਰਾਹਗੀਰਾਂ ਲਈ ਮੁਸੀਬਤ ਬਣੀ ਹੋਈ ਹੈ।
ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਦੱਸਿਆ ਕਿ ਮੋਰਿੰਡਾ-ਚੁੰਨੀ ਸੜਕ ਪੀਡਬਲਿਊਡੀ ਵਿਭਾਗ ਦੀ ਬਸੀ ਪਠਾਣਾ ਸਬ ਡਵੀਜ਼ਨ ਅਧੀਨ ਪੈਂਦੀ ਹੈ, ਜਿਸ ਦੇ ਅਧਿਕਾਰੀਆਂ ਨੂੰ ਨਗਰ ਕੌਂਸਲ ਵੱਲੋਂ ਸੜਕ ਠੀਕ ਕਰਨ ਸਬੰਧੀ ਬਕਾਇਦਾ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀ ਅੱਗੇ ਫਸੀ ਬੂਟੀ ਜਲਦੀ ਸਾਫ ਕਰਵਾ ਦਿੱਤੀ ਜਾਵੇਗੀ।