ਇੱਥੇ ਅੱਜ ਸਵੇਰੇ ਪਏ ਭਰਵੇਂ ਮੀਂਹ ਕਾਰਨ ਕਈਂ ਨੀਵੀਆਂ ਸੜਕਾਂ ’ਤੇ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਏਅਰਪੋਰਟ ਰੋਡ ਉੱਤੇ ਸੈਕਟਰ 81 ਅਤੇ 82 ਦੇ ਵਿਚਾਲੇ ਰੇਲਵੇ ਪੁਲ ਦੇ ਥੱਲੇ ਮੀਂਹ ਦੇ ਦੌਰਾਨ ਵੱਡੀ ਮਾਤਰਾ ਵਿੱਚ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਕੁਝ ਸਮਾਂ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਹਟਣ ਮਗਰੋਂ ਪਾਣੀ ਦਾ ਨਿਕਾਸ ਹੋਣ ਮਗਰੋਂ ਹੀ ਆਵਾਜਾਈ ਸੁਚਾਰੂ ਰੂਪ ਵਿਚ ਚੱਲੀ।
ਇਸੇ ਤਰ੍ਹਾਂ ਫੇਜ਼ 11 ਦੀਆਂ ਕੁਝ ਅੰਦਰੂਨੀ ਸੜਕਾਂ ਉੱਤੇ ਵੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਾਣੀ ਭਰਿਆ ਰਿਹਾ ਤੇ ਲੋਕੀਂ ਪਾਣੀ ਵਿੱਚ ਲੰਘਣ ਲਈ ਮਜਬੂਰ ਹੁੰਦੇ ਰਹੇ। ਫੇਜ਼ ਪੰਜ ਦੇ ਆਮ ਆਦਮੀ ਕਲੀਨਿਕ ਦੇ ਨੇੜੇ ਪੈਂਦੀ ਸੜਕ ’ਤੇ ਥੋੜਾ ਜਿਹਾ ਮੀਂਹ ਪੈਣ ਨਾਲ ਹੀ ਪਾਣੀ ਭਰ ਜਾਂਦਾ ਹੈ, ਜਿਸ ਦਾ ਕਈ ਦਿਨ ਨਿਕਾਸ ਨਹੀਂ ਹੁੰਦਾ ਇਸ ਪਾਣੀ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸੇ ਤਰ੍ਹਾਂ ਮੁਹਾਲੀ ਦੇ ਸੈਕਟਰ 78 ਅਤੇ 79 ਦੇ ਕਈ ਪਾਰਕਾਂ ਵਿੱਚ ਵੀ ਮੀਂਹ ਦਾ ਪਾਣੀ ਭਰ ਗਿਆ, ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਸੈਰ ਕਰਨ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਕਾਂ ਦੇ ਨੇੜਲੇ ਘਰਾਂ ਦੇ ਵਸਨੀਕਾਂ ਨੇ ਦੱਸਿਆ ਕਿ ਪਾਰਕਾਂ ਵਿੱਚੋਂ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਹੀ ਨਹੀਂ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਮੁੱਚੀਆਂ ਥਾਵਾਂ ’ਤੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ।