ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ(ਮੁਹਾਲੀ), 7 ਜੁਲਾਈ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਮੁਹਾਲੀ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੂੰ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਹੈ। ਤਿੰਨ ਦਿਨ ਪਹਿਲਾਂ ਉਨ੍ਹਾਂ ਨੂੰ ਪਾਰਟੀ ਵੱਲੋਂ ਵਰਕਿੰਗ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ ਸੀ। ਪਰਵਿੰਦਰ ਸਿੰਘ ਸੋਹਾਣਾ ਇਸ ਤੋਂ ਪਹਿਲਾਂ ਕਸਬੇਨੁਮਾ ਪਿੰਡ ਸੋਹਾਣਾ ਦੇ ਸਰਪੰਚ, ਜ਼ਿਲ੍ਹਾ ਪਰਿਸ਼ਦ ਦੇ ਮੈਂਬਰ, ਮੁਹਾਲੀ ਨਗਰ ਨਿਗ਼ਮ ਦੇ ਕੌਂਸਲਰ, ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਪੰਜਾਬ ਲੇਬਰਫੈੱਡ ਦੇ ਉੱਪ ਚੇਅਰਮੈਨ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀ ਪਤਨੀ ਹਰਜਿੰਦਰ ਕੌਰ ਮੁਹਾਲੀ ਨਿਗ਼ਮ ਦੀ ਮੌਜੂਦਾ ਕੌਂਸਲਰ ਹੈ। ਉਹ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਲੋਕ ਮਸਲੇ ਉਠਾਉਣ ਵਿਚ ਮੋਹਰੀ ਰਹਿੰਦੇ ਹਨ। ਉਨ੍ਹਾਂ ਨੂੰ ਪਾਰਟੀ ਵੱਲੋਂ 2022 ਵਿਧਾਨ ਸਭਾ ਚੋਣਾਂ ਵਿਚ ਮੁਹਾਲੀ ਹਲਕੇ ਤੋਂ ਉਮੀਦਵਾਰ ਵੀ ਬਣਾਇਆ ਗਿਆ ਸੀ। ਸ੍ਰੀ ਸੋਹਾਣਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਦਾ ਪਾਰਟੀ ਦੇ ਆਗੂਆਂ ਨੇ ਸਵਾਗਤ ਕੀਤਾ ਹੈ। ਪਾਰਟੀ ਦੇ ਬੁਲਾਰੇ ਸਮਸ਼ੇਰ ਪੁਰਖਾਲਵੀ, ਅਮਨ ਪੂਨੀਆ, ਹਰਵਿੰਦਰ ਸਿੰਘ ਨੰਬਰਦਾਰ ਸੋਹਾਣਾ, ਹਰਿੰਦਰ ਸਿੰਘ ਸੁਖਗੜ੍ਹ, ਹਰਪਾਲ ਸਿੰਘ ਸਰਪੰਚ ਬਠਲਾਣਾ, ਜਸਵੀਰ ਸਿੰਘ ਕੁਰੜਾ, ਸੋਨੀ ਬੜੀ, ਨੰਬਰਦਾਰ ਕਰਮਜੀਤ ਸਿੰਘ ਮੌਲੀ ਆਦਿ ਨੇ ਪਾਰਟੀ ਪ੍ਰਧਾਨ ਦਾ ਇਸ ਨਿਯੁਕਤੀ ਲਈ ਧੰਨਵਾਦ ਕੀਤਾ। ਪਰਵਿੰਦਰ ਸਿੰਘ ਸੋਹਾਣਾ ਨੇ ਨਵੀਂ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਅਤੇ ਜ਼ਿਲ੍ਹੇ ’ਚ ਪਾਰਟੀ ਮਜ਼ਬੂਤੀ ਲਈ ਕਾਰਜਸ਼ੀਲ ਰਹਿਣ ਦੀ ਗੱਲ ਆਖੀ ਹੈ।