ਕਰਮਜੀਤ ਸਿੰਘ ਚਿੱਲਾ
ਬਨੂੜ, 25 ਜੂਨ
ਥਾਣਾ ਬਨੂੜ ਅਧੀਨ ਪੈਂਦੇ ਪਿੰਡ ਨੰਡਿਆਲੀ ਦੇ ਬਜ਼ੁਰਗ ਮਾਪਿਆਂ ਨੇ ਬਨੂੜ ਥਾਣੇ ਵਿੱਚ ਲਿਖਤੀ ਦਰਖ਼ਾਸਤ ਦੇ ਕੇ ਆਪਣੇ 30 ਸਾਲਾ ਪੁੱਤਰ ਦੀ ਭੇਤਭਰੀ ਹਾਲਤ ਵਿੱਚ ਹੋਈ ਮੌਤ ਦੀ ਜਾਂਚ ਦੀ ਅਪੀਲ ਕੀਤੀ ਹੈ। ਮ੍ਰਿਤਕ ਦੇ ਪਿਤਾ ਧਰਮ ਸਿੰਘ (70) ਅਤੇ ਮਾਤਾ ਸ਼ੀਲੋ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੂਟਾ ਸਿੰਘ 13 ਜੂਨ ਨੂੰ ਆਪਣੇ ਪਿਤਾ ਨਾਲ ਖੇਤਾਂ ਵਿੱਚ ਕੰਮ ਕਰ ਕੇ ਘਰ ਆ ਗਿਆ ਸੀ। ਇਸੇ ਦੌਰਾਨ ਸ਼ਾਮ ਨੂੰ ਪਿੰਡ ਦੇ ਦੋ ਨੌਜਵਾਨ ਉਸ ਨੂੰ ਉਸ ਦੇ ਹੀ ਮੋਟਰਸਾਈਕਲ ’ਤੇ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 9 ਵਜੇ ਘਰ ਦੇ ਬਾਹਰ ਮੋਟਰਸਾਈਕਲ ਦੀ ਆਵਾਜ਼ ਆਈ ਤੇ ਉਨ੍ਹਾਂ ਜਦੋਂ ਬਾਹਰ ਜਾ ਕੇ ਦੇਖਿਆ ਤਾਂ ਬੂਟਾ ਸਿੰਘ ਘਰ ਦੇ ਬਾਹਰ ਬੇਸੁੱਧ ਪਿਆ ਸੀ। ਉਸ ਨੂੰ ਨਾਲ ਲਿਜਾਣ ਵਾਲੇ ਦੋਵੇਂ ਨੌਜਵਾਨ ਮੌਕੇ ਤੋਂ ਚਲੇ ਗਏ ਸਨ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁੱਤਰ ਨੂੰ ਤੁਰੰਤ ਬਨੂੜ ਦੇ ਪ੍ਰਾਈਵੇਟ ਡਾਕਟਰ ਕੋਲ ਲੈ ਕੇ ਗਏ ਜਿੱਥੋਂ ਉਸ ਨੇ ਹਸਪਤਾਲ ਲਿਜਾਣ ਲਈ ਕਿਹਾ। ਫਿਰ ਉਹ ਗਿਆਨ ਸਾਗਰ ਅਤੇ ਨੀਲਮ ਹਸਪਤਾਲ ਲੈ ਕੇ ਗਏ ਪਰ ਉਨ੍ਹਾਂ ਨੂੰ ਬਾਹਰ ਤੋਂ ਹੀ ਜਵਾਬ ਦੇ ਦਿੱਤਾ। ਇਸ ਮਗਰੋਂ ਉਹ ਬਨੂੜ ਦੇ ਸਰਕਾਰੀ ਹਸਪਤਾਲ ਗਏ ਜਿਥੋਂ ਉਨ੍ਹਾਂ ਨੂੰ ਡੇਰਾਬਸੀ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ। ਉਹ ਜਦੋਂ ਸਵੇਰੇ 3 ਵਜੇ ਡੇਰਾਬਸੀ ਹਸਪਤਾਲ ਪੁਹੰਚੇ ਤਾਂ ਡਾਕਟਰਾਂ ਨੇ ਬੂਟਾ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਤਿੰਨ ਭੈਣਾਂ ਦਾ ਭਰਾ ਸੀ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਉਨ੍ਹਾਂ ਦੇ ਪੁੱਤਰ ਨੂੰ ਸਾਜ਼ਿਸ਼ ਤਹਿਤ ਮਾਰਿਆ ਗਿਆ ਹੈ।
ਸ਼ਿਕਾਇਤ ਮਗਰੋਂ ਜਾਂਚ ਸ਼ੁਰੂ: ਥਾਣਾ ਮੁਖੀ
ਥਾਣਾ ਬਨੂੜ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਧਰਮ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਅਧੀਨ ਕਾਰਵਾਈ ਕਰ ਕੇ 14 ਜੂਨ ਨੂੰ ਲਾਸ਼ ਦਾ ਡੇਰਾਬਸੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦੁਬਾਰਾ ਦਰਖ਼ਾਸਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।